ਨਵਾਂਸ਼ਹਿਰ, 2 ਜੂਨ (ਦੀਦਾਰ ਸਿੰਘ ਸ਼ੇਤਰਾ)-ਸਿਹਤ ਵਿਭਾਗ, ਪੰਜਾਬ ਦੀ ਸਿਰਮੌਰ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ ਕੇਡਰ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਨਾ ਮੰਨਣ ਦੇ ਰੋਸ ਵਜੋਂ ਸੂਬਾ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਬਾਰੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਤੇ ਜਥੇਬੰਦੀ ਆਗੂ ਮਨਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਕੇਡਰ ਦੇ ਨਾਂਅ ਬਦਲੀ, ਵਰਦੀ ਭੱਤਾ, ਐੱਫ. ਟੀ. ਏ., ਡਾਈਟ ਭੱਤਾ ਲਗਾਉਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਪੰਜਾਬ ਸਕੇਲ ਲਾਗੂ ਕਰਨ, ਨਵ ਨਿਯੁਕਤ ਸਿਹਤ ਕਾਮਿਆਂ ਦਾ ਪਰਖ ਕਾਲ ਸਮਾਂ ਘਟਾਉਣ, ਹਾਈ ਕੋਰਟ ਦੇ ਫੈਸਲੇ ਨੂੰ ਜਰਨਲਾਈਜ ਕਰਕੇ ਤਨਖਾਹ ਸਕੇਲ ਸੋਧਣ ਸੰਬੰਧੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਪੰਜਾਬ, ਮੁੱਖ ਮੰਤਰੀ ਪੰਜਾਬ ਦੇ ਓ. ਐੱਸ. ਡੀ. ਤੇ ਸਿਹਤ ਡਾਇਰੈਕਟਰ, ਪੰਜਾਬ ਨਾਲ ਕਈ ਵਾਰ ਮੀਟਿੰਗਾਂ ਕਰ ਚੁੱਕੀ ਹੈ ਪਰ ਵਾਰ-ਵਾਰ ਇਨ੍ਹਾਂ ਮੰਗਾਂ 'ਤੇ ਸਹਿਮਤੀ ਪ੍ਰਗਟਾਉਂਦੇ ਹੋਏ ਵੀ, ਮੰਗਾਂ ਪ੍ਰਤੀ ਲਟਕਾਉਣ/ਟਰਕਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ, ਜੋ ਮੰਦਭਾਗੀ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਹੁਣ ਵੱਡੇ ਸੰਘਰਸ਼ ਦੇ ਰਾਹ ਵਿਚ ਹੈ | ਜਿਸ ਤਹਿਤ ਜ਼ਿਲ੍ਹਾ ਹੈੱਡਕੁਆਰਟਰਾਂ ਰਾਹੀਂ ਮੰਗ ਪੱਤਰ ਭੇਜੇ ਗਏ ਹਨ | ਇਸ ਦੇ ਨਾਲ ਹੀ 4 ਜੂਨ ਨੂੰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਫਤਰ ਅੱਗੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਦੋਆਬਾ ਜ਼ੋਨ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਇਸ ਧਰਨੇ ਸੰਬੰਧੀ ਸਾਥੀਆਂ ਦੀ ਲਾਮਬੰਦੀ ਕੀਤੀ ਜਾ ਚੁੱਕੀ ਹੈ |