ਹੁਸ਼ਿਆਰਪੁਰ, 7 ਜੂਨ (ਬਲਜਿੰਦਰਪਾਲ ਸਿੰਘ)-ਬੀਤੇ ਕੱਲ੍ਹ ਪਟਿਆਲਾ ਦੇ ਪੀ. ਐੱਸ. ਪੀ. ਸੀ. ਐਲ. ਦਫ਼ਤਰ ਵਿਖੇ ਆਪਣੇ ਹੱਕਾਂ ਦੀ ਖ਼ਾਤਰ ਸੰਘਰਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ 'ਤੇ ਪੰਜਾਬ ਪੁਲਿਸ ਵਲੋਂ ਕੀਤਾ ਲਾਠੀਚਾਰਜ ਅਤਿ ਹੀ ਨਿੰਦਣ ਯੋਗ ਘਟਨਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ ਨੇ ਇਥੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਇਸ ਮੌਕੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਇਸ ਘਟੀਆ ਬਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਹਾਸਿਲ ਕਰਨ ਵਾਲੀ ਸਰਕਾਰ ਨੇ ਪੜ੍ਹੇ ਲਿਖੇ ਤੇ ਬੇਰੁਜ਼ਗਾਰਾਂ ਨੌਜਵਾਨਾਂ ਤੇ ਅੱਤਿਆਚਾਰ ਕਰਕੇ ਜਿਥੇ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਜ਼ਖ਼ਮੀ ਕੀਤਾ ਉਥੇ ਮਾਨਸਿਕ ਤੌਰ 'ਤੇ ਵੀ ਉਨ੍ਹਾਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰ ਰਹੇ ਨੌਜਵਾਨਾਂ ਦੇ ਨਾਲ ਹੈ ਅਤੇ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਨੌਜਵਾਨਾਂ ਦੇ ਇਸ ਸੰਘਰਸ਼ 'ਚ ਸ਼ਾਮਿਲ ਹੋਣ ਲਈ ਤਿਆਰ ਹੈ |