ਸੜੋਆ, 11 ਜੂਨ (ਹਰਮੇਲ ਸਹੂੰਗੜਾ)-ਕੰਢੀ ਖੇਤਰ ਦੇ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਕਮਿਊਨਿਟੀ ਹੈਲਥ ਸੈਂਟਰ ਸੜੋਆ ਵਿਖੇ ਬਣਾਈ ਗਈ ਨਵੀਂ ਬਲਾਕ ਪਬਲਿਕ ਹੈਲਥ ਲੈਬ ਅਤੇ ਬਲਾਕ ਪਬਲਿਕ ਹੈਲਥ ਯੂਨਿਟ ਦੀ ਇਮਾਰਤ ਲਗਪਗ ਤਿਆਰ ਖੜ੍ਹੀ ਹੈ ਪਰ ਇਮਾਰਤ ਦੇ ਮੁਕੰਮਲ ਹੋਣ ਦੇ ਬਾਵਜੂਦ ਇਸ ਨੂੰ ਅਜੇ ਤੱਕ ਆਮ ਲੋਕਾਂ ਲਈ ਚਾਲੂ ਨਾ ਕੀਤੇ ਜਾਣ ਕਾਰਨ ਇਲਾਕੇ ਦੇ ਲੋਕਾਂ ਵਿਚ ਬੇਚੈਨੀ ਵਧਦੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਤਿਆਰ ਕੀਤੀ ਗਈ ਇਹ ਆਧੁਨਿਕ ਇਮਾਰਤ ਪੇਂਡੂ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬਣਾਈ ਗਈ ਸੀ, ਪਰ ਅਜੇ ਤੱਕ ਇਸ ਦੇ ਚਾਲੂ ਹੋਣ ਦੀ ਕੋਈ ਸਪੱਸ਼ਟ ਸਮਾਂ-ਸੀਮਾ ਸਾਹਮਣੇ ਨਹੀਂ ਆਈ | ਇਸ ਕਾਰਨ ਲੋਕਾਂ ਦੇ ਮਨ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਆਖਿਰ ਇਹ ਬਿਲਡਿੰਗ ਜਨਤਾ ਦੇ ਸਪੁਰਦ ਕਦੋਂ ਹੋਵੇਗੀ ਤੇ ਇਸ ਦਾ ਅਸਲ ਲਾਭ ਲੋਕਾਂ ਨੂੰ ਕਦੋਂ ਮਿਲੇਗਾ | ਸਿਹਤ ਵਿਭਾਗ ਦੀ ਯੋਜਨਾ ਅਨੁਸਾਰ ਇਸ ਯੂਨਿਟ ਦੇ ਚਾਲੂ ਹੋਣ ਨਾਲ ਸੜੋਆ ਤੇ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਕਈ ਮਹੱਤਵਪੂਰਨ ਸਹੂਲਤਾਂ ਮਿਲ ਸਕਦੀਆਂ ਹਨ, ਜਿਨ੍ਹਾਂ ਵਿਚ ਖੂਨ, ਪਿਸ਼ਾਬ ਤੇ ਹੋਰ ਬੁਨਿਆਦੀ ਲੈਬ ਟੈਸਟ ਸਥਾਨਕ ਪੱਧਰ 'ਤੇ ਹੋ ਸਕਣਗੇ | ਗੜ੍ਹਸ਼ੰਕਰ, ਨਵਾਂਸ਼ਹਿਰ ਅਤੇ ਹੋਰ ਸ਼ਹਿਰਾਂ ਵਿਚ ਜਾਣ ਦੀ ਲੋੜ ਘੱਟ ਹੋਵੇਗੀ | ਮਰੀਜ਼ਾਂ ਦੇ ਸਮੇਂ ਤੇ ਪੈਸੇ ਦੀ ਬਚਤ ਹੋਵੇਗੀ | ਡੇਂਗੂ, ਮਲੇਰੀਆ ਤੇ ਹੋਰ ਛੂਤ ਦੀਆਂ ਬਿਮਾਰੀਆਂ ਦੀ ਨਿਗਰਾਨੀ ਅਤੇ ਪਛਾਣ ਤੇਜ਼ੀ ਨਾਲ ਹੋ ਸਕੇਗੀ | ਟੈਲੀ-ਮੈਡੀਸਨ ਰਾਹੀਂ ਵੱਡੇ ਹਸਪਤਾਲਾਂ ਦੇ ਮਾਹਿਰ ਡਾਕਟਰਾਂ ਨਾਲ ਸਲਾਹ ਲੈਣ ਦੀ ਸਹੂਲਤ ਮਿਲ ਸਕੇਗੀ | ਵਿਸ਼ੇਸ਼ਗਿਆ ਡਾਕਟਰਾਂ ਦੀਆਂ ਓ. ਪੀ. ਡੀ. ਸੇਵਾਵਾਂ ਪੇਂਡੂ ਖੇਤਰ ਵਿਚ ਉਪਲਬਧ ਹੋ ਸਕਣਗੀਆਂ | ਸੀ. ਐਚ. ਸੀ. ਸੜੋਆ 'ਤੇ ਵੱਧ ਰਹੇ ਮਰੀਜ਼ਾਂ ਦੇ ਦਬਾਅ ਨੂੰ ਘਟਾਉਣ ਵਿਚ ਮਦਦ ਮਿਲੇਗੀ | ਸਥਾਨਕ ਲੋਕਾਂ ਅਨੁਸਾਰ ਇਮਾਰਤ ਦੇ ਆਲੇ-ਦੁਆਲੇ ਘਾਹ-ਬੂਟੀ ਤੇ ਜੰਗਲੀ ਬੂਟੇ ਕਾਫ਼ੀ ਵੱਧ ਚੁੱਕੇ ਹਨ | ਇਮਾਰਤ ਤੱਕ ਪਹੁੰਚਣ ਲਈ ਢੁੱਕਵਾਂ ਰਸਤਾ ਵੀ ਨਹੀਂ ਬਣਾਇਆ, ਜਿਸ ਕਾਰਨ ਲੋਕਾਂ ਵਿਚ ਪ੍ਰਾਜੈਕਟ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ | ਸੂਤਰਾਂ ਅਨੁਸਾਰ ਇਸ ਯੂਨਿਟ ਲਈ ਲੋੜੀਂਦੇ ਸਾਮਾਨ ਤੇ ਮਸ਼ੀਨਾਂ ਦੀ ਖਰੀਦ ਪ੍ਰਕਿਰਿਆ ਵੀ ਵੱਡੇ ਪੱਧਰ 'ਤੇ ਪੂਰੀ ਹੋ ਚੁੱਕੀ ਹੈ | ਇਸ ਦੇ ਬਾਵਜੂਦ ਪ੍ਰਾਜੈਕਟ ਨੂੰ ਚਾਲੂ ਨਾ ਕੀਤੇ ਜਾਣ ਕਾਰਨ ਲੋਕ ਜਾਣਨਾ ਚਾਹੁੰਦੇ ਹਨ ਕਿ ਆਖਿਰ ਦੇਰੀ ਦੀ ਅਸਲ ਵਜ੍ਹਾ ਕੀ ਹੈ | ਇਸ ਪ੍ਰਾਜੈਕਟ ਨਾਲ ਜੁੜਿਆ ਸਭ ਤੋਂ ਵੱਡਾ ਸਵਾਲ ਸਟਾਫ਼ ਦੀ ਤਾਇਨਾਤੀ ਨੂੰ ਲੈ ਕੇ ਹੈ | ਕੀ ਮੌਜੂਦਾ ਸੀ. ਐਚ. ਸੀ. ਸੜੋਆ ਦਾ ਸਟਾਫ਼ ਇਸ ਨਵੀਂ ਇਮਾਰਤ ਵਿਚ ਤਬਦੀਲ ਕੀਤਾ ਜਾਵੇਗਾ ਜਾਂ ਫਿਰ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ? ਜੇ ਮੌਜੂਦਾ ਸਟਾਫ਼ ਨੂੰ ਹੀ ਸ਼ਿਫਟ ਕੀਤਾ ਜਾਂਦਾ ਹੈ ਤਾਂ ਕੀ ਸੀ. ਐਚ. ਸੀ. ਦੀਆਂ ਮੌਜੂਦਾ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ? ਇਹ ਸਾਰੇ ਸਵਾਲ ਅਜੇ ਵੀ ਅਣਸੁਲਝੇ ਹਨ | ਸਮਾਜ ਸੇਵੀ ਪ੍ਰਵੀਨ ਵਸ਼ਸ਼ਿਟ, ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ ਤੇ ਰਾਣਾ ਸੁਰਿੰਦਰ ਸਿੰਘ ਨੇ ਇਸ ਪ੍ਰਾਜੈਕਟ ਨੂੰ ਜਲਦ ਚਾਲੂ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਤੇ ਸਿਹਤ ਵਿਭਾਗ ਨੂੰ ਇਸ ਬਿਲਡਿੰਗ ਦੀ ਮੌਜੂਦਾ ਸਥਿਤੀ, ਸਟਾਫ਼ ਦੀ ਤਾਇਨਾਤੀ ਅਤੇ ਚਾਲੂ ਹੋਣ ਦੀ ਸੰਭਾਵਿਤ ਤਰੀਕ ਬਾਰੇ ਜਨਤਾ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਪ੍ਰੋਜੈਕਟ ਨੂੰ ਚਾਲੂ ਨਾ ਕੀਤਾ ਗਿਆ ਤਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ ਇਮਾਰਤ ਕਿਤੇ 'ਸਫੈਦ ਹਾਥੀ' ਬਣ ਕੇ ਨਾ ਰਹਿ ਜਾਵੇ |