ਦਸੂਹਾ, 11 ਜੂਨ (ਕÏਸ਼ਲ)-ਦਸੂਹਾ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਆਏ ਤੇਜ਼ ਹਨੇਰੀ-ਤੂਫ਼ਾਨ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ | ਤੂਫ਼ਾਨ ਦੀ ਤੀਬਰਤਾ ਕਾਰਨ ਕਈ ਲਿੰਕ ਸੜਕਾਂ ਤੇ ਮੁੱਖ ਮਾਰਗਾਂ 'ਤੇ ਵੱਡੀ ਗਿਣਤੀ ਵਿਚ ਦਰੱਖਤ ਅਤੇ ਉਨ੍ਹਾਂ ਦੀਆਂ ਭਾਰੀ ਟਾਹਣੀਆਂ ਡਿੱਗ ਗਈਆਂ, ਜਿਸ ਨਾਲ ਆਵਾਜਾਈ ਵਿਚ ਵੀ ਰੁਕਾਵਟਾਂ ਪੈਦਾ ਹੋਈਆਂ | ਤੇਜ਼ ਹਵਾਵਾਂ ਕਾਰਨ ਬਿਜਲੀ ਦੀਆਂ ਤਾਰਾਂ ਤੇ ਹੋਰ ਬਿਜਲੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ, ਜਿਸ ਦੇ ਨਤੀਜੇ ਵਜੋਂ ਦਸੂਹਾ ਤੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ | ਬਿਜਲੀ ਵਿਭਾਗ ਦੀਆਂ ਟੀਮਾਂ ਪ੍ਰਭਾਵਿਤ ਥਾਵਾਂ 'ਤੇ ਪਹੁੰਚ ਕੇ ਬਹਾਲੀ ਦੇ ਕੰਮ ਵਿਚ ਜੁਟੀਆਂ ਹੋਈਆਂ ਹਨ, ਪਰ ਨੁਕਸਾਨ ਜ਼ਿਆਦਾ ਹੋਣ ਕਾਰਨ ਸਪਲਾਈ ਪੂਰੀ ਤਰ੍ਹਾਂ ਬਹਾਲ ਹੋਣ ਵਿਚ ਸਮਾਂ ਲੱਗ ਸਕਦਾ ਹੈ | ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਡਿੱਗੇ ਹੋਏ ਦਰੱਖਤਾਂ ਤੇ ਟੁੱਟੀਆਂ ਬਿਜਲੀ ਦੀਆਂ ਤਾਰਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਦੀ ਸੂਚਨਾ ਤੁਰੰਤ ਸੰਬੰਧਿਤ ਵਿਭਾਗ ਨੂੰ ਦੇਣ | ਤੂਫ਼ਾਨ ਤੋਂ ਬਾਅਦ ਪ੍ਰਸ਼ਾਸਨ ਤੇ ਵੱਖ-ਵੱਖ ਵਿਭਾਗਾਂ ਵਲੋਂ ਹਾਲਾਤ ਨੂੰ ਆਮ ਬਣਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ¢