ਨਵਾਂਸ਼ਹਿਰ, 21 ਜੂਨ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ. ਪਬਲਿਕ ਸਕੂਲ ਵਿਖੇ ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਦੀ ਦੇਖ ਰੇਖ ’ਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਇਕ ਯੋਗ ਕੈਂਪ ਲਗਾਇਆ। ਕੈਂਪ ’ਚ ਸਕੂਲ ਦੇ ਸਟਾਫ ਨੇ ਯੋਗ ਤੇ ਪ੍ਰਾਣਾਯਾਮ ਕੀਤਾ ਅਤੇ ਅੰਤ ’ਚ ਰੋਜ਼ਾਨਾ ਯੋਗਾ ਕਰਨ ਦਾ ਪ੍ਰਣ ਵੀ ਲਿਆ। ਯੋਗ ਕੈਂਪ ’ਚ ਡੀ. ਪੀ. ਈ. ਮਨੀਸ਼ਾ ਰਾਣੀ ਵਲੋਂ ਯੋਗ ਕਰਵਾਇਆ। ਸਭ ਤੋਂ ਪਹਿਲਾਂ ਸੀ. ਈ. ਓ. (ਗਰੁੱਪ ਕੈਪਟਨ) ਅਸ਼ਵਨੀ ਦੱਤਾ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇਕ ਅਨਮੋਲ ਤੋਹਫ਼ਾ ਹੈ। ਇਹ ਮਨ ਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ। ਯੋਗ ਸਾਡੀ ਸੰਸਕ੍ਰਿਤੀ ਅਤੇ ਜੀਵਨ ਦਾ ਇਕ ਹਿੱਸਾ ਹੈ। ਸਾਨੂੰ ਇਸ ਨੂੰ ਹਰ ਰੋਜ਼ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਡੀ. ਪੀ. ਈ. ਨੇ ਪ੍ਰੋਟੋਕੋਲ ਦੇ ਅਨੁਸਾਰ ਅਤੇ ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਥੀਮ ‘ਸਿਹਤਮੰਦ ਉਮਰ ਲਈ ਯੋਗ’ ਦੇ ਤਹਿਤ ਯੋਗ ਕਰਵਾਉਂਦੇ ਹੋਏ ਪ੍ਰਾਰਥਨਾ, ਸ਼ਿਥਲੀਕਰਨ ਦੇ ਅਭਿਆਸ, ਤਾੜਾਸਨ, ਵ੍ਰਿਕਸ਼ਾਸਨ, ਅਰਧ ਚੱਕਰਾਸਨ, ਤ੍ਰਿਕੋਣਾਸਨ, ਭਦ੍ਰਾਸਨ, ਵਜਰਾਸਨ, ਅਰਧ ਉਸ਼ਤਰਾਸਨ, ਸ਼ਸ਼ਾਕਾਸਨ, ਉਤਕ ਮੰਡੁਕਾਸਨ, ਵਕ੍ਰਾਸਨ, ਸੇਤੂ ਆਸਨ, ਪੇਟ ਦੇ ਭਾਰ ਲੇਟਣ ਲਈ ਆਸਣ, ਪਵਨ ਮੁਕਤਾਸਨ, ਸ਼ਵਾਸਨ, ਕਪਾਲਭਾਤੀ, ਅਨੁਲੋਮ-ਵਿਲੋਮ, ਸ਼ੀਤਲੀ ਪ੍ਰਾਣਾਯਾਮ, ਭਰਾਮਰੀ, ਸੂਰਜ ਪ੍ਰਾਣਾਯਾਮ, ਧਿਆਨ ਦੇ ਨਾਲ-ਨਾਲ ਸੰਕਲਪ ਪਾਠ (ਬੰਦ ਅੱਖਾਂ ਨਾਲ) ਅਤੇ ਫਿਰ ਸ਼ਾਂਤੀ ਪਾਠ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਯੋਗ ਕਰਨ ਦੇ ਨਾਲ ਮਨੁੱਖ ਦੀਆਂ ਗੰਭੀਰ ਬੀਮਾਰੀਆਂ ਠੀਕ ਹੋ ਰਹੀਆਂ ਹਨ। ਸਾਨੂੰ ਹਮੇਸ਼ਾ ਸਕਾਰਾਤਮਕ ਸੋਚਣਾ ਚਾਹੀਦਾ ਹੈ। ਇਸ ਮੌਕੇ ਹੈੱਡਮਾਸਟਰ ਤੇ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਰੰਜਨਾ ਖੰਨਾ, ਰਾਜਵੀਰ ਕੌਰ ਤੇ ਮੋਨਿਕਾ ਰਾਣੀ ਸਹਿਤ ਸਾਰਾ ਸਟਾਫ਼ ਮੌਜੂਦ ਰਿਹਾ।