ਨਵਾਂਸ਼ਹਿਰ, 4 ਜੁਲਾਈ (ਹਰਮਿੰਦਰ ਸਿੰਘ ਪਿੰਟੂ) - ਪੰਜਾਬ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ਦੀਆਂ ਪ੍ਰਾਪਤੀਆਂ ਤੇ ਗਤੀਵਿਧੀਆਂ ਸਬੰਧੀ ਮਿਤੀ 29 ਜੂਨ ਤੋਂ 6 ਜੁਲਾਈ ਤੱਕ ਸਹਿਕਾਰਤਾ ਸਪਤਾਹ ਮਨਾਉਣ ਦੀ ਹਦਾਇਤ ਕੀਤੀ ਗਈ ਜਿਸ ਲੜੀ ਤਹਿਤ ਡਾ. ਸੇਨੂੰ ਦੁੱਗਲ (ਆਈ.ਏ.ਐਸ) ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਿਕਾਰੀ ਖੰਡ ਮਿੱਲ੍ਹ ਨਵਾਂਸ਼ਹਿਰ ਵਿਖੇ ਸਹਿਕਾਰਤਾ ਸਮਾਗਮ ਸਬੰਧੀ ਇਕੱਤਰਤਾ ਕੀਤੀ ਗਈ ਜਿਸ ਵਿੱਚ ਇਲਾਕੇ ਦੇ ਜਿਮੀਦਾਰ, ਸਮੂਹ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਤੇ ਮਿੱਲ੍ਹ ਮੈਨੇਜਮੈਂਟ ਦੇ ਅਧਿਕਾਰੀ/ਕਰਮਚਾਰੀ ਸ਼ਾਮਲ ਹੋਏ। ਇਸ ਮੌਕੇ ਮਿੱਲ੍ਹ ਦੇ ਸਮੂਹ ਬੋਰਡ ਆਫ ਡਾਇਰੈਕਟਰਜ਼ ਦੇ ਨੁਮਾਇੰਦਿਆਂ ਤੇ ਮਿੱਲ੍ਹ ਦੇ ਜਨਰਲ ਮੈਨੇਜਰ ਸੁਜਿੰਦਰਪਾਲ ਸਿੰਘ ਅਰੋੜਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਕਿ ਸਹਿਕਾਰਤਾ ਵਿਭਾਗ ਵੱਲੋਂ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ। ਮਿੱਲ੍ਹ ਦੇ ਮੁੱਖ ਗੰਨਾ ਵਿਕਾਸ ਅਫਸਰ ਜੀ.ਸੀ.ਯਾਦਵ ਵੱਲੋਂ ਇਕੱਤਰ ਜਿਮੀਦਾਰਾਂ ਨੂੰ ਗੰਨੇ ਦੀ ਫਸਲ ਸਬੰਧੀ ਇਸ ਸਮੇਂ ਚੱਲ ਰਹੀਆਂ ਗਤੀਵਿਧੀਆਂ ਤੇ ਆਉਣ ਵਾਲੇ ਸਮੇਂ ਵਿੱਚ ਗੰਨੇ ਦੀ ਫਸਲ ਵਿੱਚ ਖਾਦਾਂ ਤੇ ਦਵਾਈਆਂ ਦੀ ਵਰਤੋਂ ਲੋੜ ਅਨੁਸਾਰ ਹੀ ਕਰਨ ਦੀ ਅਪੀਲ ਕੀਤੀ ਗਈ ਜਿਸ ਨਾਲ ਜਿੱਥੇ ਗੰਨੇ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਉੱਥੇ ਜਿਮੀਦਾਰਾਂ ਦੇ ਖਾਦਾਂ ਤੇ ਦਵਾਈਆਂ ’ਤੇ ਬੋਲੇੜੇ ਖਰਚ ’ਤੇ ਵੀ ਕੰਟਰੋਲ ਰਹੇਗਾ। ਇਸ ਮੌਕੇ ਮਿੱਲ ਦੇ ਮੁੱਖ ਇੰਜੀਨੀਅਰ ਜਸਵੀਰ ਸਿੰਘ ਵੱਲੋਂ ਇਕੱਤਰਤਾ ਵਿੱਚ ਸ਼ਾਮਲ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਸਮਾਗਮ ਉਪਰੰਤ ਵਾਤਾਵਰਣ ਦੀ ਸ਼ੁੱਧਤਾ ਲਈ ਮਿੱਲ੍ਹ ਅਹਾਤੇ ਵਿੱਚ ਬੂਟੇ ਵੀ ਲਗਾਏ ਗਏ। ਸਮਾਗਮ ਵਿੱਚ ਮਿੱਲ੍ਹ ਦੇ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਸੋਹਣ ਸਿੰਘ ਉੱਪਲ, ਹਰੀਪਾਲ ਸਿੰਘ ਜਾਡਲੀ, ਸਰਤਾਜ ਸਿੰਘ, ਚਰਨਜੀਤ ਸਿੰਘ, ਮੋਹਿੰਦਰ ਸਿੰਘ ਲੰਗੜੋਆ, ਗੁਰਸੇਵਕ ਸਿੰਘ, ਕਸ਼ਮੀਰ ਸਿੰਘ, ਜਗਤਾਰ ਸਿੰਘ, ਹਰਿੰਦਰ ਕੌਰ, ਬੀਬੀ ਸੁਰਿੰਦਰ ਕੌਰ ਵੱਲੋਂ ਵੀ ਹਾਜ਼ਰੀ ਲਵਾਈ ਗਈ।