ਬਲਾਚੌਰ, 4 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਪੰਜਾਬ ਨੂੰ ਹਰਿਆ ਭਰਿਆ ਬਣਾਉਣ ਹਿੱਤ ਬੇਮਿਸਾਲ ਯੋਗਦਾਨ ਪਾਉਣ ਵਾਲੇ ਵਣ ਵਿਭਾਗ ਪੰਜਾਬ ਵਿੱਚ ਵਣ ਰੇਂਜ ਦਫਤਰ ਵਿਖੇ ਵਣ ਰੇਂਜਰਾਂ ਦੀ ਸਭ ਤੋਂ ਵੱਧ ਘਾਟ ਹੋਣ ਕਾਰਨ ਮਹਿਕਮੇ ਦਾ ਕੰਮਕਾਰ ਪ੍ਰਭਾਵਿਤ ਹੋ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਵਕਤ ਪੰਜਾਬ ਭਰ ਵਿੱਚ 107 ਅਸਾਮੀਆਂ ਵਿੱਚੋਂ ਸਿਰਫ 11 ਵਣ ਰੇਂਜਰ ਡਿਊਟੀ ਨਿਭਾਅ ਰਹੇ ਹਨ। ਵਣ ਰੇਂਜਰ ਅਤੇ ਉੱਪ ਰੇਂਜਰ ਐਸੋਸੀਏਸ਼-ਨ ਪੰਜਾਬ ਦੇ ਕੋਆਰਡੀਨੇਟਰ ਰਘਬੀਰ ਸਿੰਘ ਚੌਧਰੀ ਵਣ ਰੇਂਜ ਅਧਿਕਾਰੀ ਬਲਾਚੌਰ ਨੇ ਦੱਸਿਆ ਕਿ ਵਣ ਰੇਂਜਰਾਂ ਦੀਆਂ ਸੂਬੇ ਵਿੱਚ 107 ਪੋਸਟਾਂ ਪ੍ਰਵਾਨਤ ਕੇਡਰ ਹਨ, ਪਰ ਮੌਜੂਦਾ ਸਮੇਂ ਵਿੱਚ ਤਰੱਕੀ ਜਰੀਏ 32 ਪੋਸਟਾਂ ਵਿੱਚੋਂ 21 ਅਤੇ ਸਿੱਧੀ ਭਰਤੀ ਤਹਿਤ 75 ਅਸਾਮੀਆਂ ਖਾਲੀ ਹਨ। ਉਨ੍ਹਾਂ ਦੱਸਿਆ ਕਿ ਇਕ ਵਣ ਰੇਂਜਰ ਨੂੰ ਵਣ ਵਿਭਾਗ ਦੀ ਰੀੜ੍ਹ ਦੀ ਹੱਡੀ ਦਾ ਦਰਜਾ ਦਿੰਦੇ ਹਨ। ਸਾਡੇ ਵਣ ਖੁੱਲ੍ਹੇ ਬੈਂਕ ਹਨ ਅਤੇ ਇਨ੍ਹਾਂ ਦੀ ਸੁਰੱਖਿਆ ਲਈ ਫਾਰੈਸਟਰ ਦੀ ਅਹਿਮ ਜਿੰਮੇਵਾਰੀ ਹੁੰਦੀ ਹੈ ਅਤੇ ਸਟਾਫ ਦੀ ਡਿਊਟੀ ਲਗਾਉਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ 2006 ਸੰਨ ਦੇ ਵਣ ਰੇਂਜਰਾਂ ਦੇ ਪ੍ਰਵਾਨਿਤ ਰੂਲਾਂ ਮੁਤਾਬਕ 70 ਫੀਸਦੀ ਅਸਾਮੀਆਂ ਭਾਵ 75 ਪੋਸਟਾਂ ਵਣ ਰੇਂਜਰਾਂ ਦੀ ਸਿੱਧੀ ਭਰਤੀ ਰਾਹੀਂ ਭਰੀਆਂ ਜਾਣੀਆਂ ਹਨ ਅਤੇ 30 ਫੀਸਦੀ ਵਣ ਰੇਂਜਰਾਂ ਦੀਆਂ ਅਸਾਮੀਆਂ ਭਾਵ 32 ਪੋਸਟਾਂ ਤਰੱਕੀ ਦੇ ਕੋਟੇ ਰਾਹੀ ਭਰੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਮੌਜੂਦਾ ਸਮੇਂ ਵਿੱਚ 75 ਦੀਆਂ 75 ਸਿੱਧੀ ਭਰਤੀ ਵਾਲੀਆਂ ਪੋਸਟਾਂ ਖਾਲੀ ਪਈਆਂ ਹਨ ਅਤੇ ਇਕ ਵੀ ਵਣ ਰੇਂਜਰ ਸਿੱਧੀ ਭਰਤੀ ਵਾਲਾ ਨਹੀਂ ਹੈ ਕਿਉਕਿ ਸਾਲ 2000 ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਕ ਵੀ ਵਣ ਰੇਂਜਰ ਭਰਤੀ ਨਹੀ ਕੀਤਾ ਗਿਆ। ਦੂਜੇ ਪਾਸੇ ਵਣ ਰੇਂਜਰਾਂ ਦੀ ਤਰੱਕੀ ਕੋਟੇ ਦੀਆਂ 32 ਅਸਾਮੀਆਂ ਵਿੱਚੋਂ 21 ਖਾਲੀ ਹਨ।