ਰਾਹੋਂ, 10 ਜੁਲਾਈ (ਉਂਕਾਰ ਸਿੰਘ ਰਾਠੌਰ) - ਵੱਧ ਰਹੀ ਤਪਸ਼ ਤੇ ਵਾਤਾਵਰਣ ਪ੍ਰਦੂਸ਼ਣ ਨੂੰ ਦੇਖਦਿਆਂ ਰੁੱਖ ਲਗਾਉਣ ਦੀ ਲੋੜ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ। ਜੇਕਰ ਮਨੁੱਖਤਾ ਨੇ ਕੁਦਰਤ ਦੀ ਸੰਭਾਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਹ ਵਿਚਾਰ ਸਮਾਜ ਸੇਵਕ ਤੇ ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਦੇ ਸਰਗਰਮ ਮੈਂਬਰ ਡਾ. ਸੁਨੀਲ ਸੱਭਰਵਾਲ ਨੇ ਵਣ ਮਹਾਂਉਤਸਵ ਨੂੰ ਸਮਰਪਿਤ ਰੇਲਵੇ ਸਟੇਸ਼ਨ ਰਾਹੋਂ ਵਿਖੇ ਬੂਟੇ ਲਗਾਉਣ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ਼ੁੱਧ ਵਾਤਾਵਰਣ ਹੀ ਸਿਹਤਮੰਦ ਤੇ ਨਿਰੋਗ ਜੀਵਨ ਦੀ ਬੁਨਿਆਦ ਹੈ। ਦਰੱਖਤ ਨਾ ਸਿਰਫ਼ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਸਗੋਂ ਵੱਧ ਰਹੇ ਤਾਪਮਾਨ ਨੂੰ ਕਾਬੂ ਕਰਨ, ਪ੍ਰਦੂਸ਼ਣ ਘਟਾਉਣ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਪੀ.ਐਸ. ਪ੍ਰੇਜ਼ੀਡੈਂਸੀ ਸਕੂਲ, ਜਾਡਲਾ ਰੋਡ ਰਾਹੋਂ ਦੇ ਸਟਾਫ਼ ਤੇ ਵਿਦਿਆਰਥੀਆਂ ਨੇ ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਰਾਹੋਂ ਵਿਖੇ 40 ਛਾਂਦਾਰ ਤੇ ਫ਼ਲਦਾਰ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ। ਡਾ. ਸੱਭਰਵਾਲ ਨੇ ਵਿਦਿਆਰਥੀਆਂ ਨੂੰ ਸਿਰਫ਼ ਬੂਟੇ ਲਗਾਉਣ ਹੀ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ। ਵਾਤਾਵਰਨ ਸੇਵਾ ਸੁਸਾਇਟੀ ਦੇ ਮੈਂਬਰ ਜੀਤ ਰਾਮ ਹਿਆਲਾ ਨੇ ਦੱਸਿਆ ਕਿ ਸੁਸਾਇਟੀ ਪਿਛਲੇ 12 ਸਾਲਾਂ ਤੋਂ ਰਾਹੋਂ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਇਸ ਦੌਰਾਨ ਨੀਲੋਵਾਲ ਰੋਡ, ਦਿੱਲੀ ਗੇਟ ਤੋਂ ਮਾਛੀਵਾੜਾ ਰੋਡ, ਪੰਜ ਤੀਰਥੀ ਤਲਾਬ, ਬਾਪੂ ਕੁੰਭ ਦਾਸ ਗੇਟ, ਸ਼ਮਸ਼ਾਨ ਭੂਮੀ, ਫਿਲੌਰ ਰੋਡ ਨੇੜੇ ਐਸ.ਬੀ.ਆਈ. ਬੈਂਕ, ਰੀਜੈਂਸੀ ਪਾਰਕ, ਦੁਸਹਿਰਾ ਗਰਾਊਂਡ, ਡਾ. ਅੰਬੇਡਕਰ ਪਾਰਕ, ਗਊਸ਼ਾਲਾ ਅਤੇ ਹੋਰ ਕਈ ਥਾਵਾਂ ’ਤੇ ਹਜ਼ਾਰਾਂ ਬੂਟੇ ਲਗਾਏ ਗਏ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਹੁਣ ਛਾਂਦਾਰ ਦਰੱਖਤਾਂ ਦਾ ਰੂਪ ਧਾਰਨ ਚੁੱਕੇ ਹਨ। ਸਮਾਗਮ ਦੌਰਾਨ ਪ੍ਰਸਿੱਧ ਗਾਇਕ ਅਮਿਤ ਅਨਵਰ ਨੇ ਰੁੱਖਾਂ ਤੇ ਕੁਦਰਤ ਨਾਲ ਸਬੰਧਤ ਪ੍ਰੇਰਣਾਦਾਇਕ ਗੀਤ ਪੇਸ਼ ਕਰਕੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ। ਵਾਤਾਵਰਨ ਸੇਵਾ ਸੁਸਾਇਟੀ ਵੱਲੋਂ ਸਕੂਲ ਦੇ ਪ੍ਰਿੰਸੀਪਲ ਰਿਸ਼ਵ ਨੰਦਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਸੁਨੀਲ ਸੱਭਰਵਾਲ, ਗੁਲਸ਼ਨ ਸ਼ਰਮਾ, ਮੰਗਤ ਰਾਏ ਚੋਪੜਾ, ਪਵਨ ਕਸ਼ਿਅਪ, ਰਾਮ ਸਾਹਿਲ ਰਾਹੋਂ, ਜੀਤ ਰਾਮ ਹਿਆਲਾ, ਗੁਰਦੇਵ ਬੱਤਰਾ, ਗਾਇਕ ਅਮਿਤ ਅਨਵਰ, ਸੋਹਣ ਸਿੰਘ ਭੱਟੀ, ਲਾਲਾ ਅਮਰ ਨਾਥ ਚੁੱਘ, ਅਨਿਲ ਕੁਮਾਰ ਚੁੱਘ, ਡਾ. ਰਮੇਸ਼ ਚੋਪੜਾ, ਸਕੂਲ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।