ਨਵਾਂਸ਼ਹਿਰ, 15 ਜੁਲਾਈ (ਦੀਦਾਰ ਸਿੰਘ ਸ਼ੇਤਰਾ)- ਨਵਾਂਸ਼ਹਿਰ ਇਲਾਕੇ ਦੀਆਂ ਪੰਚਾਇਤਾਂ ਅਤੇ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲਕੇ ਓਵਰ ਲੋਡਿੰਗ ਅਤੇ ਤੂਫ਼ਾਨੀ ਵੇਗ ਨਾਲ ਹਾਦਸਿਆਂ ਦਾ ਕਾਰਨ ਬਣਦੇ ਟਿੱਪਰਾਂ ‘ਤੇ ਲਗਾਮ ਕੱਸਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਵਫ਼ਦ ਨੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਲਿਖਿਆ ਕਿ ਟਿੱਪਰ ਮਾਲਕਾਂ ਦੇ ਮੁਨਾਫੇ ਦੀ ਦੌੜ ਅਤੇ ਟਿੱਪਰ ਚਾਲਕਾਂ ਦੀ ਬੇਲਗਾਮ ਡਰਾਈਵਿੰਗ ਰੋਜ਼ ਹੀ ਭਿਆਨਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੂਪਿੰਦਰ ਸਿੰਘ ਵੜੈਚ, ਸ਼ਹਾਬਪੁਰ ਦੇ ਸਰਪੰਚ ਸ਼ਲਿੰਦਰ ਸਿੰਘ, ਕਮਲੇਸ਼ ਰਾਣੀ ਸਰਪੰਚ ਉਸਮਾਨਪੁਰ, ਰਘਵੀਰ ਸਿੰਘ ਸਾਬਕਾ ਸਰਪੰਚ ਉਸਮਾਨ ਪੁਰ, ਸੋਇਤਾ ਦੇ ਸਰਪੰਚ ਜਸਵੰਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਦਿਆਰਥੀ, ਨੌਜਵਾਨ, ਔਰਤਾਂ, ਕਿਸਾਨ ਤੇ ਮਜ਼ਦੂਰ ਆਦਿ ਇਹਨਾਂ ਹਾਦਸਿਆਂ ਦੀ ਜੱਦ ਵਿੱਚ ਆ ਰਹੇ ਹਨ। ਕਈ ਸਾਲ ਪਹਿਲਾਂ ਨੌਜਵਾਨ ਭਾਰਤ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਓਂਕਾਰ ਸਿੰਘ ਉਸਮਾਨ ਪੁਰ ਦੀ ਰਾਹੋਂ-ਜਾਡਲਾ ਸੜਕ ’ਤੇ ਟਿੱਪਰ ਦੀ ਟੱਕਰ ਨਾਲ ਮੌਤ ਹੋ ਗਈ ਸੀ। ਸੁਖਵਿੰਦਰ ਸਿੰਘ ਤੇ ਸਿਮਰਪ੍ਰੀਤ ਕੌਰ ਦੀਆਂ ਮੌਤਾਂ ਵੀ ਟਿੱਪਰਾਂ ਦੀਆਂ ਟੱਕਰਾਂ ਨਾਲ ਹੋਈਆਂ। ਇਹਨਾਂ ਤੋਂ ਬਗ਼ੈਰ ਬਹੁਤ ਸਾਰੇ ਲੋਕ ਇਹਨਾਂ ਟਿੱਪਰਾਂ ਨੇ ਗੰਭੀਰ ਫੱਟੜ ਵੀ ਕੀਤੇ ਜਿਹਨਾਂ ਵਿੱਚੋਂ ਕਈ ਉਮਰ ਭਰ ਲਈ ਅਪਾਹਜ ਹੋ ਗਏ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਹਰ ਤੀਜੇ ਦਿਨ ਮਨਾਹੀ ਦੇ ਹੁਕਮ ਜਾਰੀ ਕਰ ਰਹੇ ਹਨ, ਉਹਨਾਂ ਦੇ ਇਹ ਹੁਕਮ ਟਿੱਪਰ ਚਾਲਕ ਧੂੜ ਵਾਂਗਰ ਉਡਾ ਰਹੇ ਹਨ। ਨਾਜਾਇਜ਼ ਮਾਇਨਿੰਗ ਵੀ ਜਾਰੀ ਹੈ ਅਤੇ ਹਾਦਸਿਆਂ ਨੂੰ ਵੀ ਨੱਥ ਨਹੀਂ ਪੈ ਰਹੀ। ਹੁਕਮਾਂ ਨੂੰ ਲਾਗੂ ਕਰਵਾਉਣ ਲਈ ਜ਼ਿੰਮੇਵਾਰ ਪੁਲਸ ਟਿੱਪਰਾਂ ਨੂੰ ਹੱਥ ਪਾਉਣ ਦੀ ਹਿੰਮਤ ਨਹੀਂ ਕਰਦੀ। ਇਸ ਮੌਕੇ ਨੰਬਰਦਾਰ ਅਮਰੀਕ ਸਿੰਘ ਉਸਮਾਨ ਪੁਰ, ਮਾਸਟਰ ਅਜੈਬ ਸਿੰਘ ਸਾਬਕਾ ਸਰਪੰਚ ਉਸਮਾਨ ਪੁਰ, ਬਲਵੀਰ ਸਿੰਘ ਨੰਬਰਦਾਰ ਉਸਮਾਨ ਪੁਰ, ਕਸਮੀਰ ਸਿੰਘ ਸੈਕਟਰੀ, ਮੇਜਰ ਸਿੰਘ ਉਸਮਾਨ ਪੁਰ, ਪਰਮਜੀਤ ਸਿੰਘ ਸੰਘਾ ਸ਼ਹਾਬਪੁਰ, ਹਰਮਿੰਦਰ ਸਿੰਘ, ਬਲਵਿੰਦਰ ਸਿੰਘ, ਅਜੈਬ ਸਿੰਘ, ਤਾਰਾ ਸਿੰਘ ਸਹਾਬਪੁਰ, ਅਵਤਾਰ ਸਿੰਘ ਤਾਰੀ, ਰਾਣਾ ਰਾਮਜੀ ਦਾਸ ਸਨਾਵਾ, ਮਹਿੰਦਰ ਸ਼ਹਾਬਪੁਰ ਵੀ ਮੌਜੂਦ ਸਨ।
ਟਿੱਪਰਾਂ ਦੇ ਕਹਿਰ ਤੋਂ ਦੁਖੀ ਲੋਕ ਡੀ.ਸੀ. ਨੂੰ ਮਿਲੇ
ਅਜੀਤ ਡੈਸਕ
16-07-2026