ਨਵਾਂਸ਼ਹਿਰ, 15 ਜੁਲਾਈ (ਜਸਬੀਰ ਸਿੰਘ ਨੂਰਪੁਰ)- ਮਜਾਰਾ ਰਾਜਾ ਸਾਹਿਬ ‘ਚ ਤਕਨੀਕੀ ਸਿੱਖਿਆ ਕਾਲਜ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਪਿੰਡ ਮਜਾਰਾ ਨੌ ਆਬਾਦ ਵਿਖੇ ਪ੍ਰਸਿੱਧ ਧਾਰਮਿਕ ਅਸਥਾਨ ਨਾਭ ਕਮਲ ਰਾਜਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ। ਉਹਨਾਂ ਆਖਿਆ ਕਿ ਮਜਾਰਾ ਰਾਜਾ ਸਾਹਿਬ ਕਮੇਟੀ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ, ਜੋ ਵੀ ਮੰਗਾਂ ਉਹਨਾਂ ਵੱਲੋਂ ਰੱਖੀਆਂ ਗਈਆਂ, ਉਹਨਾਂ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਸਰਕਾਰ ਵੱਲੋਂ ਉਹਨਾਂ ਦੀ ਵਿਸ਼ੇਸ਼ ਤੌਰ ‘ਤੇ ਡਿਊਟੀ ਲਗਾਈ ਗਈ ਸੀ ਕਿ ਇਸ ਸਥਾਨ ‘ਤੇ ਜੋ ਵੀ ਕੰਮ ਹੋਣ ਵਾਲੇ ਹਨ ਉਹ ਪੂਰੇ ਕੀਤੇ ਜਾਣ। ਉਹਨਾਂ ਆਖਿਆ ਕਿ ਮਜਾਰਾ ਰਾਜਾ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ਜਲਦੀ ਬਣਾਇਆ ਜਾਵੇਗਾ। ਉਹਨਾਂ ਮਜਾਰਾ ਰਾਜਾ ਸਾਹਿਬ ਦੇ ਸਕੂਲ ਨੂੰ ਵੀ ਅਪਗ੍ਰੇਡ ਕਰਨ ਦਾ ਭਰੋਸਾ ਦਿੱਤਾ। ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਗੁਣਾਂਚੌਰ ਤੇ ਮਜਾਰਾ ਦੀਆਂ ਸਮੱਸਿਆਵਾਂ ਨੂੰ ਸਿੱਖਿਆ ਮੰਤਰੀ ਦੇ ਧਿਆਨ ‘ਚ ਲਿਆਂਦਾ ਅਤੇ ਸਿੱਖਿਆ ਮੰਤਰੀ ਨੂੰ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਉਹਨਾਂ ਨਵਾਂਸ਼ਹਿਰ ਦੇ ਸਕੂਲ ਆਫ ਐਮੀਨੈਂਸ ਦੇ ਮਾਮਲੇ ‘ਚ ਗੱਲਬਾਤ ਕਰਦਿਆਂ ਆਖਿਆ ਕਿ ਜਿਹੜੇ ਸਕੂਲ ਵਿਦਿਆਰਥੀਆਂ ਤੋਂ ਵੱਧ ਫੀਸਾਂ ਲੈਂਦੇ ਹਨ ਉਹਨਾਂ ‘ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਤ ਪ੍ਰਿੰਸੀਪਲ ਨੂੰ ਮੁਅੱਤਲ ਵੀ ਕੀਤਾ ਜਾ ਸਕਦਾ ਹੈ। ਡਾ. ਸੁਖਵਿੰਦਰ ਸੁੱਖੀ ਨੇ ਆਖਿਆ ਕਿ ਮਜ਼ਾਰਾ ਰਾਜਾ ਸਾਹਿਬ ਦੇ ਧਾਰਮਿਕ ਸਥਾਨ ‘ਤੇ ਉਨ੍ਹਾਂ ਦੀ ਅਥਾਹ ਸ਼ਰਧਾ ਹੈ। ਉਹਨਾਂ ਆਖਿਆ ਕਿ ਜੋ ਵੀ ਕੰਮ ਇੱਥੇ ਹੋਣ ਵਾਲੇ ਹਨ ਅਤੇ ਜੋ ਵੀ ਇਲਾਕੇ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਉਹਨਾਂ ਕੈਬਨਿਟ ਮੰਤਰੀ ਦਾ ਇੱਥੇ ਤਕਨੀਕੀ ਸਿੱਖਿਆ ਕੇਂਦਰ ਬਣਾਉਣ ‘ਤੇ ਧੰਨਵਾਦ ਕੀਤਾ। ਮਜਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਹੀਰ, ਪ੍ਰਬੰਧਕ ਸ਼ਿਗਾਰਾ ਸਿੰਘ, ਗੁਰਦੀਪ ਸਿੰਘ, ਬਾਬਾ ਬਿੱਕਰ ਸਿੰਘ, ਸਤਨਾਮ ਸਿੰਘ ਸ਼ੇਰਗਿਲ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ, ਦਿਨੇਸ਼ ਸੂਰੀ ਜ਼ਿਲ੍ਹਾ ਪ੍ਰਧਾਨ ਐਨ.ਐਮ.ਆਈ, ਪਵਨਜੀਤ ਸਿੰਘ ਸਿੱਧੂ ਸੰਗਠਨ ਇੰਚਾਰਜ ਬੰਗਾ, ਜਗਜੀਤ ਕੌਰ ਕਰਨਾਣਾ, ਜਸਪ੍ਰੀਤ ਸਿੰਘ ਰੋਬੀ ਕੰਗ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸਤਿੰਦਰ ਕੌਰ ਨੂਰਪੁਰ ਚੇਅਰਪਰਸਨ ਬਲਾਕ ਸੰਮਤੀ ਬੰਗਾ, ਮੀਨਾ ਕੁਮਾਰੀ ਵਾਈਸ ਚੇਅਰਮੈਨ, ਮੋਲਕਾ ਵਾਲੀਆ ਪ੍ਰਧਾਨ ਨਗਰ ਕੌਂਸਲ ਬੰਗਾ, ਰਮੇਸ਼ ਕਪਿਲ ਮੈਂਬਰ ਬਲਾਕ ਸੰਮਤੀ ਆਦਿ ਹਾਜ਼ਰ ਸਨ।
ਮਜਾਰਾ ਰਾਜਾ ਸਾਹਿਬ ‘ਚ ਬਣੇਗਾ ਤਕਨੀਕੀ ਸਿੱਖਿਆ ਕੇਂਦਰ - ਹਰਜੋਤ ਸਿੰਘ ਬੈਂਸ
ਅਜੀਤ ਡੈਸਕ
16-07-2026