ਕਾਠਗੜ੍ਹ, 18 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)- ਦੇਸ਼ ਭਰ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਈ-20 ਪੈਟਰੋਲ (ਐਥੇਨੌਲ ਬਲੈਂਡਡ ਪੈਟਰੋਲ) ਦੇ ਖ਼ਿਲਾਫ਼ ਹੁਣ ਆਵਾਜ਼ ਹੋਰ ਬੁਲੰਦ ਹੋਣੀ ਸ਼ੁਰੂ ਹੋ ਗਈ ਹੈ। ਇਸੇ ਤਹਿਤ ਬਲਾਚੌਰ ਵਿਧਾਨ ਸਭਾ ਆਪ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਬ੍ਰਿਗੇਡੀਅਰ ਰਾਜਕੁਮਾਰ ਦੇਸ਼ ਦੇ ਪ੍ਰਧਾਨ ਮੰਤਰੀ ਦਫ਼ਤਰ ਨਵੀਂ ਦਿੱਲੀ ਦੇ ਨਾਮ ਇੱਕ ਵਿਸ਼ੇਸ਼ ਪਟੀਸ਼ਨ ’ਤੇ ਹਸਤਾਖਰ ਕਰਕੇ ਦੇਸ਼ ਭਰ ਦੇ ਵਾਹਨ ਚਾਲਕਾਂ ਅਤੇ ਆਮ ਜਨਤਾ ਦੇ ਹੱਕ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ। ਇਸ ਮਸਲੇ ‘ਤੇ ਬ੍ਰਿਗੇਡੀਅਰ ਰਾਜਕੁਮਾਰ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਈ-20 ਪੈਟਰੋਲ ਨੂੰ ਜਬਰੀ ਲਾਗੂ ਕੀਤੇ ਜਾਣ ਖ਼ਿਲਾਫ਼ ਜਨਤਾ ਵਿੱਚ ਭਾਰੀ ਰੋਸ ਤੇ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਕੇਂਦਰ ਸਰਕਾਰ ਜਨਤਾ ਦੀ ਆਵਾਜ਼ ਤੇ ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਬਿਲਕੁਲ ਨਹੀਂ ਸੁਣ ਰਹੀ ਤੇ ਇਸ ਫੈਸਲੇ ਨੂੰ ਹਰ ਹਾਲ ਵਿੱਚ ਥੋਪਣ ‘ਤੇ ਤੁਲੀ ਹੋਈ ਹੈ। ਸਰਕਾਰ ਦੇ ਫੈਸਲੇ ਪਿੱਛੇ ਨਾ ਕੋਈ ਵਿਗਿਆਨ ਹੈ ਅਤੇ ਨਾ ਹੀ ਅਰਥ ਸ਼ਾਸਤਰ, ਜੋ ਕਿ ਇੱਕ ਆਮ ਨਾਗਰਿਕ ਦੀ ਸਮਝ ਤੋਂ ਬਿਲਕੁਲ ਬਾਹਰ ਹੈ।