ਕਾਂਗਰਸੀ ਆਗੂ ਤਿਲਕ ਰਾਜ ਸੂਦ ਤੇ ਸ਼ਾਮ ਲਾਲ ਨੇ ਚੁੱਕੇ ਸਵਾਲ * ਠੇਕੇਦਾਰ ਸੁੱਤਾ ਕੁੰਭਕਰਨ ਦੀ ਨੀਂਦੇ
ਸੜੋਆ, 28 ਜੁਲਾਈ (ਹਰਮੇਲ ਸਹੁੰਗੜਾ) - ਬਕਾਪੁਰ ਅਤੇ ਆਲੋਵਾਲ ਵਿਚਕਾਰ ਬਣੀ ਪੁਲੀ ਇਸ ਵੇਲੇ ਲੰਘਣ ਵਾਲੇ ਆਮ ਲੋਕਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣੀ ਹੋਈ ਹੈ। ਠੇਕੇਦਾਰ ਵੱਲੋਂ ਕੰਮ ਅੱਧ ਵਿਚਕਾਰ ਛੱਡ ਦਿੱਤੇ ਜਾਣ ਕਾਰਨ ਇੱਥੇ ਰੋਜ਼ਾਨਾ ਨਵੇਂ ਤੋਂ ਨਵੇਂ ਹਾਦਸੇ ਵਾਪਰ ਰਹੇ ਹਨ। ਇਸ ਗੰਭੀਰ ਮੁੱਦੇ ਨੂੰ ਲੈ ਕੇ ਬਲਾਕ ਪ੍ਰਧਾਨ ਕਾਂਗਰਸ ਤਿਲਕ ਰਾਜ ਸੂਦ ਨੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਤਿੱਖਾ ਨਿਸ਼ਾਨਾ ਸਾਧਿਆ ਹੈ। ਤਿਲਕ ਰਾਜ ਸੂਦ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪੁਲੀ ਦਾ ਨਿਰਮਾਣ ਕਾਰਜ ਪਿਛਲੇ ਲਗਪਗ 1 ਸਾਲ ਤੋਂ ਚੱਲ ਰਿਹਾ ਹੈ, ਪਰ ਅੱਜ ਤੱਕ ਇਹ ਮੁਕੰਮਲ ਨਹੀਂ ਹੋ ਸਕਿਆ। ਸੂਦ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲੜਕੀਆਂ ਦੇ ਸਕੂਟਰੀ ਇਸ ਰੈਂਪ ਵਿੱਚ ਫਸ ਗਈ। ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਬੀਤੀ ਰਾਤ ਸਮੇਂ ਸੜੋਆ ਤੋਂ ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ ਕਿਸੇ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਉਹਨਾਂ ਦੀ ਗੱਡੀ ਆਲੋਵਾਲ ਸਾਈਡ ਵਾਲੇ ਪਾਸੇ ਰੈਂਪ ਦੇ ਵਿੱਚ ਫਸ ਗਈ ਜਿਹੜੀ ਕਿ ਕਾਫੀ ਟਾਈਮ ਬਾਅਦ ਉਸ ਗੱਡੀ ਨੂੰ ਉਥੋਂ ਕੱਢਿਆ ਗਿਆ। ਠੇਕੇਦਾਰ ਦੀ ਲਾਪਰਵਾਹੀ ਕਾਰਨ ਕੰਮ ਵਿੱਚੇ ਹੀ ਰੁਕਿਆ ਪਿਆ ਹੈ, ਜਿਸ ਦਾ ਖਮਿਆਜ਼ਾ ਇਲਾਕਾ ਨਿਵਾਸੀਆਂ ਅਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀ ਦੇ ਦੋਵੇਂ ਪਾਸੇ ਬਣਾਇਆ ਗਿਆ ਰੈਂਪ ਬਹੁਤ ਜ਼ਿਆਦਾ ਤਿੱਖਾ ਹੈ। ਇਸ ਕਾਰਨ ਰੋਜ਼ਾਨਾ ਦੋਪਹੀਆ ਵਾਹਨ ਫਿਸਲ ਕੇ ਡਿਗਦੇ ਹਨ ਅਤੇ ਚਾਲਕ ਜ਼ਖਮੀ ਹੋ ਜਾਂਦੇ ਹਨ। ਇਹ ਅਧੂਰਾ ਨਿਰਮਾਣ ਹਰ ਵੇਲੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਇਸ ਸਬੰਧੀ ਸ਼ਾਮ ਲਾਲ ਚੌਧਰੀ, ਸੁਖਵਿੰਦਰ ਸਿੰਘ, ਦਾਰਾ ਸਿੰਘ ਬਕਾਪੁਰ, ਮਨਜੀਤ ਸੂਦ, ਅਤੇ ਹੋਰ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਪੁਲੀ ਦਾ ਅਧੂਰਾ ਪਿਆ ਕੰਮ ਪੂਰਾ ਕੀਤਾ ਜਾਵੇ। ਕਾਂਗਰਸ ਆਗੂ ਨੇ ਆਮ ਆਦਮੀ ਪਾਰਟੀ ’ਤੇ ਤੰਜ ਕੱਸਦਿਆਂ ਕਿਹਾ ਕਿ ਆਪ ਸਰਕਾਰ ਦਾ ਕੰਮ ਘੱਟ ਅਤੇ ਪ੍ਰਚਾਰ ਜ਼ਿਆਦਾ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਵਿਕਾਸ ਦੇ ਦਾਅਵੇ ਕਰਨ ਵਾਲੀ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨ ਵਿੱਚ ਨਾਕਾਮ ਸਿੱਧ ਹੋ ਰਹੀ ਹੈ। ਤਿਲਕ ਰਾਜ ਸੂਦ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਇਸ ਪੁਲੀ ਦਾ ਕੰਮ ਹਰ ਹਾਲਤ ਵਿੱਚ ਮੁਕੰਮਲ ਕਰਵਾਇਆ ਜਾਵੇ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਹੋਰ ਵੱਡੀਆਂ ਪਰੇਸ਼ਾਨੀਆਂ ਅਤੇ ਹਾਦਸਿਆਂ ਤੋਂ ਬਚਾਇਆ ਜਾ ਸਕੇ। ਇਸ ਸਬੰਧੀ ਜਦੋਂ ਐਸ.ਡੀ.ਓ ਮੰਡੀ ਬੋਰਡ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਠੇਕੇਦਾਰ ਨੂੰ ਕਹਿ ਕੇ ਦੂਸਰੇ ਸਾਈਡ ਦੀ ਮਿੱਟੀ ਵੀ ਪਵਾ ਦਿੰਦੇ ਹਾਂ ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਰਸਤੇ ’ਚ ਲੰਘਣ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ।
ਬਕਾਪੁਰ-ਆਲੋਵਾਲ ਪੁਲੀ ਦਾ ਅਧੂਰਾ ਕੰਮ ਬਣਿਆ ਹਾਦਸਿਆਂ ਦਾ ਕਾਰਨ
ਅਜੀਤ ਡੈਸਕ
29-07-2026