ਕਾਠਗੜ੍ਹ, 29 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾ ਰਹੇ ਠੇਕਾ ਆਧਾਰਿਤ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਹਿੱਤ ਵਿੱਚ ਇੱਕ ਬਹੁਤ ਹੀ ਵੱਡਾ ਅਤੇ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਦੀ ਮਹੀਨਾਵਾਰ ਤਨਖ਼ਾਹ ਵਿੱਚ ਭਾਰੀ ਵਾਧਾ ਕਰਦਿਆਂ ਇਸ ਨੂੰ ਲਗਭਗ ਦੁੱਗਣਾ ਕਰ ਦਿੱਤਾ ਹੈ। ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਨੂੰ ਲੈ ਕੇ ਵਿਸ਼ੇਸ਼ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਮਨਜ਼ੂਰੀ ਤਹਿਤ ਪਹਿਲਾਂ 10,500 ਰੁਪਏ ਪ੍ਰਤੀ ਮਹੀਨਾ ਮਿਲਣ ਵਾਲੀ ਮਾਮੂਲੀ ਤਨਖ਼ਾਹ ਨੂੰ ਵਧਾ ਕੇ ਸਿੱਧਾ 20,500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਲੋਕ-ਪੱਖੀ ਫ਼ੈਸਲੇ ਦੀ ਸਭ ਤੋਂ ਵੱਡੀ ਖ਼ਾਸ ਗੱਲ ਇਹ ਹੈ ਕਿ ਕਰਮਚਾਰੀਆਂ ਨੂੰ ਇਸ ਦਾ ਲਾਭ ਲੈਣ ਲਈ ਕਿਸੇ ਵੀ ਲੰਮੀ ਪ੍ਰਕਿਰਿਆ ਜਾਂ ਉਡੀਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਤਨਖ਼ਾਹ ਵਿੱਚ ਇਹ ਸ਼ਲਾਘਾਯੋਗ ਵਾਧਾ ਆਉਣ ਵਾਲੇ ਅਗਸਤ ਮਹੀਨੇ ਤੋਂ ਹੀ ਤੁਰੰਤ ਲਾਗੂ ਕਰ ਦਿੱਤਾ ਜਾਵੇਗਾ, ਜਿਸ ਨਾਲ ਕਰਮਚਾਰੀਆਂ ਨੂੰ ਤੁਰੰਤ ਆਰਥਿਕ ਰਾਹਤ ਮਿਲੇਗੀ। ਸਫ਼ਾਈ ਸੇਵਕ ਤੇ ਸੀਵਰਮੈਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸ਼ਹਿਰਾਂ ਤੇ ਕਸਬਿਆਂ ਨੂੰ ਸਾਫ਼-ਸੁਥਰਾ ਰੱਖਣ ਵਿੱਚ ਦਿਨ-ਰਾਤ ਮਿਹਨਤ ਕਰਦੇ ਹਨ। ਖ਼ਾਸ ਕਰਕੇ ਸੀਵਰਮੈਨਾਂ ਨੂੰ ਆਪਣੇ ਕਰਤੱਵਾਂ ਦੀ ਪਾਲਣਾ ਕਰਦਿਆਂ ਕਈ ਵਾਰ ਬਹੁਤ ਹੀ ਜੋਖ਼ਮ ਭਰੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਕਰਮਚਾਰੀਆਂ ਵੱਲੋਂ ਆਪਣੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਤਨਖ਼ਾਹਾਂ ਵਿੱਚ ਵਾਧਾ ਕਰਨ ਦੀ ਮੰਗ ਲਗਾਤਾਰ ਉਠਾਈ ਜਾ ਰਹੀ ਸੀ। ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਕਦਮ ਨਾਲ ਇਨ੍ਹਾਂ ਮਿਹਨਤਕਸ਼ ਵਰਕਰਾਂ ਦੇ ਜੀਵਨ ਪੱਧਰ ਵਿੱਚ ਵੱਡਾ ਸੁਧਾਰ ਆਵੇਗਾ। ਤਸਵੀਰ 29 ਨਵਾਂਸ਼ਹਿਰ 03 ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ