ਸ. ਸ. ਸ ਮੁਕੰਦਪੁਰ ਸਕੂਲ ਵਿਖੇ ਅੰਤਰਰਾਸ਼ਟਰੀ ਹਿੰਦੀ ਦਿਵਸ ਮਨਾਇਆ
ਮੁਕੰਦਪੁਰ, 14 ਸਤੰਬਰ (ਅਮਰੀਕ ਸਿੰਘ ਢੀਂਡਸਾ)-ਪੀ. ਐੱਮ.
ਮੁਕੰਦਪੁਰ, 14 ਸਤੰਬਰ (ਅਮਰੀਕ ਸਿੰਘ ਢੀਂਡਸਾ)-ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਅੰਤਰਰਾਸ਼ਟਰੀ ਹਿੰਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੀ ਮਹੱਤਤਾ, ਇਸ ਦੇ ਸਾਹਿਤਕ ਤੇ ਸੱਭਿਆਚਾਰਕ ਮਹੱਤਵ ਤੋਂ ਜਾਣੂ ਕਰਵਾਇਆ। ਸਮਾਗਮ ਵਿਚ ਹਿੰਦੀ ਲੈਕਚਰਾਰ ਜਸਵਿੰਦਰ ਮੈਡਮ, ਡਾ. ਇੰਦਰਜੀਤ ਪਾਲ ਤੇ ਵਿਦਿਆਰਥੀਆਂ ਵਲੋਂ ਹਿੰਦੀ ਭਾਸ਼ਾ ਸਬੰਧੀ ਵਿਚਾਰਪੂਰਨ ਭਾਸ਼ਨਾਂ ਤੋਂ ਇਲਾਵਾ ਮਨਮੋਹਕ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਰੌਣਕਮਈ ਬਣਾ ਦਿੱਤਾ। ਇਸ ਮੌਕੇ ਜ਼ਿਲ੍ਹਾ ਸਪੋਰਟਸ ਅਫ਼ਸਰ ਸ੍ਰੀਮਤੀ ਦਵਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਸ਼ਾ ਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਕਿਸ਼ਨ ਖਟਕੜ ਨੇ ਹਿੰਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਾਸ਼ਾ ਕਿਸੇ ਵੀ ਕੌਮ ਦੀ ਪਹਿਚਾਣ ਅਤੇ ਸੱਭਿਆਚਾਰ ਦੀ ਮਜ਼ਬੂਤ ਕੜੀ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਿੰਦੀ ਸਮੇਤ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਸਮੁੱਚਾ ਸਮਾਗਮ ਵਿਦਿਆਰਥੀਆਂ ਵਿਚ ਹਿੰਦੀ ਭਾਸ਼ਾ ਪ੍ਰਤੀ ਪਿਆਰ, ਸਤਿਕਾਰ ਅਤੇ ਰੁਚੀ ਪੈਦਾ ਕਰਨ ਵਿਚ ਸਾਰਥਕ ਸਾਬਤ ਹੋਇਆ।