ਖਮਾਣੋਂ, 30 ਜਨਵਰੀ (ਜੋਗਿੰਦਰ ਪਾਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਨੇ ਇਕ ਬਿਆਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਦਿੱਤਾ ਹੈ, ਜਿਸ ਨੂੰ ਪੜ੍ਹ ਕੇ ਕੋਈ ਹੈਰਾਨੀ ਨਹੀਂ ਹੋਈ ਸਗੋਂ ਇਸ ਵਿਚ ਬੀਬੀ ਦੀ ਅਸਲੀਅਤ ਜੱਗ ਜ਼ਾਹਿਰ ਹੋ ਗਈ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਜੋ ਸੁਖਬੀਰ ਸਿੰਘ ਬਾਦਲ ਦੇ ਪਿਤਾ ਸਨ ਅਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਬੀਬੀ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤਾਂ ਖੜ੍ਹਾ ਕਰ ਦਿੰਦੇ ਪਰ ਬੀਬੀ ਭੱਠਲ ਨੂੰ ਜਿਤਾਉਣ ਲਈ ਅੰਦਰਖਾਤੇ ਬੀਬੀ ਭੱਠਲ ਦੀ ਮਦਦ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਹੀ ਉਮੀਦਵਾਰ ਨੂੰ ਹਰਾ ਦਿੰਦੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਇਹ ਕੱਦਾਵਰ ਆਗੂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਮੰਤਰੀ ਮੰਡਲ ਵਿਚ ਕੋਈ ਅੜਿੱਕਾ ਖੜ੍ਹਾ ਨਾ ਕਰ ਸਕਣ | ਉਨ੍ਹਾਂ ਕਿਹਾ ਕੁਦਰਤ ਵੀ ਮਹਾਨ ਹੈ ਕਿਉਂਕਿ ਪੁਰਾਣੇ ਸਮੇਂ ਵਿਚ ਲੁਕਾ ਕੇ ਰੱਖੀਆਂ ਗੱਲਾਂ ਦੀ ਸਚਾਈ ਬੰਦੇ ਦੇ ਮੂੰਹ 'ਚੋਂ ਆਪਣੇ ਆਪ ਹੀ ਬਾਹਰ ਲੈ ਆਉਂਦੀ ਹੈ | ਇਸ ਤੋਂ ਵੀ ਅੱਗੇ ਹੁਣ ਬੀਬੀ ਭੱਠਲ ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੁਬਾਰਾ ਬਣਾਉਣ ਲਈ ਪੰਜਾਬ ਦੇ ਅਫ਼ਸਰਾਂ ਵਲੋਂ ਸੂਬੇ ਵਿਚ ਬੰਬ ਧਮਾਕੇ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ | ਉਸ ਸਮੇਂ ਬੀਬੀ ਭੱਠਲ ਦਾ ਫ਼ਰਜ਼ ਬਣਦਾ ਸੀ ਕਿ ਅਜਿਹੀ ਸਲਾਹ ਦੇਣ ਵਾਲੇ ਅਫ਼ਸਰਾਂ ਵਿਰੁੱਧ ਦੇਸ਼ ਧ੍ਰੋਹ ਦੇ ਮੁਕੱਦਮੇ ਦਰਜ ਕੀਤੇ ਜਾਂਦੇ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਂਦਾ ਪਰ ਉਸ ਸਮੇਂ ਜੇਕਰ ਇਸ ਤਰ੍ਹਾਂ ਨਾ ਹੋ ਸਕਿਆ ਤਾਂ ਹੁਣ ਉਨ੍ਹਾਂ ਦਾ ਫ਼ਰਜ਼ ਬਣਦਾ ਹੈ | ਮਾਧੋਪੁਰ ਨੇ ਮੰਗ ਕੀਤੀ ਕਿ ਉਨ੍ਹਾਂ ਅਫ਼ਸਰਾਂ ਦੇ ਨਾਂਅ ਨਸ਼ਰ ਕੀਤੇ ਜਾਣ ਅਤੇ ਪੰਜਾਬ ਦੀ ਜਨਤਾ ਦੇ ਸਾਹਮਣੇ ਲਿਆਂਦੇ ਜਾਣ, ਜਿਨ੍ਹਾਂ ਨੇ ਇਹ ਸਲਾਹ ਦਿੱਤੀ ਸੀ | ਉਕਤ ਆਗੂ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਕਿ ਜੇਕਰ ਬੀਬੀ ਭੱਠਲ ਉਕਤ ਅਫ਼ਸਰਾਂ ਦੇ ਨਾਮ ਨਹੀਂ ਦੱਸਦੇ ਤਾਂ ਉਨ੍ਹਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ |