ਫ਼ਤਹਿਗੜ੍ਹ ਸਾਹਿਬ, 30 ਜਨਵਰੀ (ਬਲਜਿੰਦਰ ਸਿੰਘ)-ਪੰਜਾਬ ਵਿਚ 2027 ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਰੱਖਿਆ ਜਾ ਰਿਹਾ ਹੈ, ਜਦੋਂਕਿ ਸੂਬੇ ਦੇ ਲੋਕ ਵੀ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਲਿਆਉਣ ਲਈ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸਿੰਘ ਚੁੰਨ੍ਹੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 'ਤੇ ਸਵਾਲ ਚੁੱਕਦਿਆਂ ਸ. ਚੁੰਨ੍ਹੀ ਨੇ ਕਿਹਾ ਕਿ ਜਿਹੜੀ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ 4 ਸਾਲ ਦੇ ਕਾਰਜਕਾਲ ਵਿਚ ਨਹੀਂ ਭਰ ਸਕੀ, ਉਸ ਤੋਂ ਉਕਤ ਯੋਜਨਾ ਰਾਹੀਂ ਲੋਕਾਂ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਮਿਲਣ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ? ਕਿਉਂਕਿ ਪੰਜਾਬ ਦੀ 'ਆਪ' ਸਰਕਾਰ ਵਲੋਂ ਲਗਾਤਾਰ ਲਏ ਜਾ ਰਹੇ ਕਰਜ਼ਿਆਂ ਕਾਰਨ ਪਹਿਲਾਂ ਹੀ ਪੰਜਾਬ ਕਰਜ਼ੇ ਦੇ ਬੋਝ ਥੱਲੇ ਦੱਬ ਚੁੱਕਾ ਹੈ | 'ਆਪ' ਸਰਕਾਰ ਦੀ ਇਹ ਸਕੀਮ ਲੋਕਾਂ ਨੂੰ ਲੁਭਾਉਣ ਅਤੇ ਕੇਵਲ ਕਾਗ਼ਜ਼ਾਂ ਤੱਕ ਹੀ ਸੀਮਤ ਰਹੇਗੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ 4 ਸਾਲ ਦੇ ਕਾਰਜਕਾਲ ਵਿਚ ਵੀ ਪੂਰੇ ਨਹੀਂ ਕੀਤੇ ਜਿਵੇਂ ਕਿ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਅਜੇ ਤੱਕ ਨਹੀਂ ਨਿਭਾਇਆ ਗਿਆ | ਸ. ਚੁੰਨੀ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ 2027 ਦੌਰਾਨ ਕਾਂਗਰਸ ਪਾਰਟੀ ਦੀ ਸ਼ਾਨਦਾਰ ਵਾਪਸੀ ਨਾਲ ਸਰਕਾਰ ਬਣਨਾ ਤੈਅ ਹੈ | ਇਸ ਮੌਕੇ 'ਤੇ ਅਜੈਬ ਸਿੰਘ ਔਲਖ ਬਡਾਲੀ ਮਾਈ ਕੀ, ਸਰਬਜੀਤ ਸਿੰਘ ਛੋਟਾ ਚੁੰਨ੍ਹੀ ਵੀ ਹਾਜ਼ਰ ਸਨ |