ਫ਼ਤਹਿਗੜ੍ਹ ਸਾਹਿਬ, 30 ਜਨਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਪੈੱ੍ਰਸ ਦੇ ਨਾਂਅ ਜਾਰੀ ਬਿਆਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 1 ਫਰਵਰੀ ਨੂੰ ਜਲੰਧਰ ਦੇ ਡੇਰਾ ਬੱਲਾਂ ਵਿਖੇ ਕੀਤੇ ਜਾਣ ਵਾਲੇ ਦੌਰੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ 2027 'ਚ ਪੰਜਾਬ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸਿਆਸੀ ਲਾਹਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਲਿਤ ਸਮਾਜ ਨੂੰ ਖ਼ੁਸ਼ ਕਰਨ ਲਈ ਕਿਸੇ ਤਰ੍ਹਾਂ ਦਾ ਵੀ ਕੋਈ ਵੱਡਾ ਐਲਾਨ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਹਕੂਮਤ ਨੇ ਡੇਰਾ ਬੱਲਾਂ ਦੇ ਮੁਖੀ ਬਾਬਾ ਨਿਰੰਜਣ ਦਾਸ ਨੂੰ ਸਨਮਾਨ ਦਿੱਤਾ ਹੈ ਤਾਂ ਇਸ ਦਾ ਮਤਲਬ ਬਿਲਕੁਲ ਇਹ ਨਾ ਸਮਝਿਆ ਜਾਵੇ ਕਿ ਕੇਂਦਰ ਸਰਕਾਰ ਦਲਿਤਾਂ ਦੀ ਵੱਡੀ ਖ਼ੈਰ ਗਵਾਹ ਹੈ | ਸ. ਟਿਵਾਣਾ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਅੱਡਾ ਆਦਮਪੁਰ ਦਾ ਨਾਮ ਭਗਤ ਰਵੀਦਾਸ ਜੀ ਦੇ ਨਾਮ 'ਤੇ ਰੱਖਣ ਦਾ ਐਲਾਨ ਕਰਨਗੇ ਤਾਂ ਅਸੀਂ ਇਸ ਦਾ ਸਵਾਗਤ ਕਰਾਂਗੇ, ਪ੍ਰੰਤੂ ਅਜਿਹੇ ਅਮਲਾਂ ਪਿੱਛੇ ਹੁਕਮਰਾਨਾਂ ਦੇ ਜੋ ਸੌੜੇ ਸਿਆਸੀ ਹਿੱਤ ਹਨ, ਉਨ੍ਹਾਂ ਨੂੰ ਵੀ ਸਮਝਣ ਦੀ ਅੱਜ ਸਖ਼ਤ ਲੋੜ ਹੈ ਤਾਂ ਜੋ ਹੁਕਮਰਾਨ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਪੰਜਾਬ ਵਿਚ ਜਾਤ-ਪਾਤ ਦੇ ਆਧਾਰ 'ਤੇ ਕਿਸੇ ਤਰ੍ਹਾਂ ਦੀ ਵੱਡੀ ਨਫ਼ਰਤ ਦੀ ਲਕੀਰ ਖੜ੍ਹੀ ਕਰਨ ਵਿਚ ਕਾਮਯਾਬ ਨਾ ਹੋ ਸਕਣ |