ਮੰਡੀ ਗੋਬਿੰਦਗੜ੍ਹ, 31 ਜਨਵਰੀ (ਰਾਜੇਸ਼ ਸ਼ਰਮਾ)-ਸਥਾਨਕ ਗਾਂਧੀ ਨਗਰ ਦੀ ਰਹਿਣ ਵਾਲੀ ਹੋਣਹਾਰ ਮੁੱਕੇਬਾਜ਼ ਕਾਸ਼ਵੀ ਪੁਰੀ ਨੇ ਰਾਸ਼ਟਰੀ ਪੱਧਰ 'ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ | 10ਵੀਂ ਜਮਾਤ ਦੀ ਵਿਦਿਆਰਥਣ ਕਾਸ਼ਵੀ ਪੁਰੀ ਨੇ ਰਾਣਾ ਸੰਘਾ ਟਰਾਫ਼ੀ (ਆਈ.ਏ.ਬੀ.ਐਮ) ਵਲੋਂ ਕਰਵਾਏ ਰਾਸ਼ਟਰੀ ਜੂਨੀਅਰ ਅਤੇ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਜਿੱਤਿਆ ਹੈ | ਇਹ ਰਾਸ਼ਟਰੀ ਮੁਕਾਬਲਾ 18 ਜਨਵਰੀ ਤੋਂ 24 ਜਨਵਰੀ ਤੱਕ ਰਾਜਸਥਾਨ ਦੇ ਉਦੇਪੁਰ ਵਿਚ ਆਯੋਜਿਤ ਕੀਤਾ ਗਿਆ ਸੀ | ਜਿਸ ਵਿਚ ਦੇਸ਼ ਭਰ ਦੇ ਪ੍ਰਤਿਭਾਸ਼ਾਲੀ ਮੁੱਕੇਬਾਜ਼ਾਂ ਨੇ ਭਾਗ ਲਿਆ | ਕਾਸ਼ਵੀ ਪੁਰੀ ਨੇ ਜੂਨੀਅਰ ਵਰਗ ਵਿਚ ਸ਼ਾਨਦਾਰ ਖੇਡ ਦਾ ਕੌਸ਼ਲ ਮਜ਼ਬੂਤ ਤਕਨੀਕ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਜਿੱਤਿਆ | ਸਿਰਫ਼ ਇਹ ਹੀ ਨਹੀਂ ਸਗੋਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ ਕਾਸ਼ਵੀ ਨੂੰ ਜੂਨੀਅਰ ਵਰਗ ਵਿਚ ਰਾਸ਼ਟਰੀ ਟੂਰਨਾਮੈਂਟ ਦੀ ਸਰਵੋਤਮ ਮੁੱਕੇਬਾਜ਼ ਨਾਲ ਵੀ ਸਨਮਾਨਿਤ ਕੀਤਾ ਗਿਆ, ਜੋ ਉਸ ਦੀ ਮਿਹਨਤ ਅਤੇ ਪ੍ਰਤਿਭਾ ਦਾ ਪ੍ਰਮਾਣ ਹੈ | ਕਾਸ਼ਵੀ ਦੀ ਇਸ ਪ੍ਰਾਪਤੀ 'ਤੇ ਨਾ ਸਿਰਫ਼ ਉਸ ਦੇ ਪਰਿਵਾਰ 'ਚ ਸਗੋਂ ਪੂਰੇ ਮੰਡੀ ਗੋਬਿੰਦਗੜ੍ਹ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ | ਅੱਜ ਸਥਾਨਕ ਖੇਡ ਪ੍ਰੇਮੀਆਂ, ਅਧਿਆਪਕਾਂ ਅਤੇ ਸ਼ਹਿਰ ਵਾਸੀਆਂ ਨੇ ਕਾਸ਼ਵੀ ਨੂੰ ਇਸ ਮਹੱਤਵਪੂਰਨ ਸਫਲਤਾ 'ਤੇ ਵਧਾਈ ਦਿੱਤੀ ਹੈ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ | ਇਸ ਮੌਕੇ ਕਾਸ਼ਵੀ ਨੂੰ ਸਨਮਾਨਿਤ ਕਰਦੇ ਹੋਏ ਸਮਾਜ ਸੇਵਕ ਅਮਿਤ ਠਾਕੁਰ ਨੇ ਪੂਰੇ ਪਰਿਵਾਰ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਅਤੇ ਜੇਤੂ ਐਥਲੀਟ ਨੂੰ ਹਾਰ ਪਾ ਕੇ ਅਸ਼ੀਰਵਾਦ ਦਿੱਤਾ | ਇਸ ਮੌਕੇ ਸ਼ੌਰਿਆ ਪੁਰੀ, ਹਰੇਹਨ ਪੁਰੀ, ਮੋਹਿਤ ਪੁਰੀ, ਰੋਹਿਤ ਪੁਰੀ, ਕਵੀਸ਼ ਪੁਰੀ, ਰਾਜਨ ਸ਼ਿਕਰਸਾਲ, ਰਿੰਕੂ ਸ਼ੁਕਲਾ, ਗੋਗੀ ਸ਼ੁਕਲਾ, ਯੋਗੇਸ਼ ਦੱਤਾ, ਅੰਕੁਰ ਗਰਗ, ਅਮਿਤ ਗਰਗ, ਵਿਕਾਸ ਬੱਤਾ, ਮੁਨੀਸ਼ ਬਾਂਸਲ, ਰੋਬਿਨ ਸੋਫਤ, ਵਿਪਨ ਗਰਗ, ਗੌਰਵ ਗਰਗ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ |