ਫ਼ਤਹਿਗੜ੍ਹ ਸਾਹਿਬ, 31 ਜਨਵਰੀ (ਬਲਜਿੰਦਰ ਸਿੰਘ)-ਸੂਬੇ ਅੰਦਰ ਚਾਈਨਾ ਡੋਰ ਨਾਲ ਵਾਪਰ ਰਹੀਆਂ ਲਗਾਤਾਰ ਘਟਨਾਵਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਸਰਕਾਰ ਅਤੇ ਪ੍ਰਸ਼ਾਸਨ ਤਮਾਸ਼ਬੀਨ ਬਣ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਜਾਣ ਦਾ ਦਿ੍ਸ਼ ਵੇਖ ਰਹੇ ਹਨ | ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਆਯੋਜਿਤ ਪੈੱ੍ਰਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ | ਐਡਵੋਕੇਟ ਧਾਰਨੀ ਨੇ ਕਿਹਾ ਕਿ 'ਚਿੜੀਆਂ ਦੀ ਮੌਤ 'ਤੇ ਗਵਾਰਾਂ ਦਾ ਹਾਸਾ' ਵਾਲੀ ਕਹਾਵਤ ਅੱਜ ਦੇ ਹਾਲਾਤਾਂ 'ਤੇ ਬਿਲਕੁਲ ਫਿੱਟ ਬੈਠਦੀ ਹੈ, ਕਿਉਂਕਿ ਕੁਝ ਚੰਦ ਲੋਕ ਆਪਣੀਆਂ ਖੁਸ਼ੀਆਂ ਅਤੇ ਸ਼ੌਕਾਂ ਲਈ ਇਸ ਖੂਨੀ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹਨ | ਜਿਸ ਦੀ ਕੀਮਤ ਬੇਦੋਸ਼ ਲੋਕ ਆਪਣੀਆਂ ਜਾਨਾਂ ਦੇ ਕੇ ਚੁਕਾ ਰਹੇ ਹਨ | ਇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਸਿਰਫ਼ ਕਾਗ਼ਜ਼ੀ ਕਾਰਵਾਈਆਂ ਤੱਕ ਹੀ ਗੱਲ ਸੀਮਿਤ ਹੈ ਅਤੇ ਮੈਦਾਨੀ ਪੱਧਰ 'ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਬਸੰਤ ਦੇ ਤਿਉਹਾਰ ਦੀ ਆੜ ਵਿਚ ਪਤੰਗਬਾਜ਼ਾਂ ਵਲੋਂ ਆਪਣਾ ਸ਼ੌਕ ਪੂਰਾ ਕਰਨ ਲਈ ਕਈ ਬੇਗੁਨਾਹਾਂ ਦੀਆਂ ਜਾਨਾਂ ਲਈਆਂ ਗਈਆਂ ਹਨ, ਪ੍ਰੰਤੂ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਏ ਪ੍ਰਸ਼ਾਸਨ ਸਿਰਫ਼ ਫ਼ਰਮਾਨ ਜਾਰੀ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦਾ ਹੈ, ਜੋ ਕਿ ਬੇਹੱਦ ਸ਼ਰਮਨਾਕ ਹੈ | ਐਡਵੋਕੇਟ ਧਾਰਨੀ ਨੇ ਕਿਹਾ ਕਿ ਇਸ ਕਾਤਲ ਡੋਰ ਕਾਰਨ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਰਿਹਾ ਹੈ | ਇਸ ਦੀ ਤਾਜ਼ਾ ਮਿਸਾਲ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਬਸੀ ਪਠਾਣਾਂ ਦੇ ਮਿੳਾੂਸੀਪਲ ਕਮਿਸ਼ਨਰ ਦੀ ਗਰਦਨ 'ਤੇ ਚਾਈਨਾ ਡੋਰ ਆ ਗਈ ਸੀ ਅਤੇ ਬਚਾਅ ਕਰਦੇ ਹੋਏ ਉਨ੍ਹਾਂ ਦਾ ਅੰਗੂਠਾ ਕੱਟ ਗਿਆ | ਇੱਥੋਂ ਤੱਕ ਕਿ ਅੱਜ ਉਹ ਖ਼ੁਦ ਵੀ ਬਾਜ਼ਾਰ ਜਾ ਰਹੇ ਸਨ ਤਾਂ ਚਾਈਨਾ ਡੋਰ ਦੀ ਝਪੇਟ ਵਿਚ ਆ ਗਏ ਅਤੇ ਬੜੀ ਮਸ਼ੱਕਤ ਨਾਲ ਆਪਣੇ ਆਪ ਨੂੰ ਬਚਾ ਸਕੇ | ਪ੍ਰਸ਼ਾਸਨ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਦੋਂ ਜਾਗੋਗੇ? ਲੋਕਾਂ ਨੂੰ ਕਾਨੂੰਨ ਦੀਆਂ ਧੱਜੀਆਂ ਉਡਾਉਣ ਤੋਂ ਰੋਕਣ ਲਈ ਤੁਹਾਡੇ ਕੋਲ ਕਿਹੜੇ ਢੁਕਵੇਂ ਪ੍ਰਬੰਧ ਹਨ? ਪੁਲਿਸ ਦੀ ਭੂਮਿਕਾ 'ਤੇ ਸਵਾਲ ਉਠਾਉਂਦਿਆਂ ਐਡਵੋਕੇਟ ਧਾਰਨੀ ਨੇ ਕਿਹਾ ਕਿ ਪੁਲਿਸ ਨੂੰ ਭਲੀਭਾਂਤੀ ਪਤਾ ਹੈ ਕਿ ਚਾਈਨਾ ਡੋਰ ਕਿੱਥੇ ਵਿਕ ਰਹੀ ਹੈ ਅਤੇ ਕੌਣ ਇਸ ਦਾ ਧੰਦਾ ਕਰ ਰਿਹਾ ਹੈ, ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੁਲਿਸ ਕਿਸੇ ਨਾ ਕਿਸੇ ਦਬਾਅ ਹੇਠ ਆ ਕੇ ਇਸ ਗ਼ੈਰਕਾਨੂੰਨੀ ਧੰਦੇ ਨੂੰ ਚੱਲਣ ਦੇ ਰਹੀ ਹੈ | ਅੰਤ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਜਿਹੇ ਸਖ਼ਤ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ, ਤਾਂ ਜੋ ਲੋਕ ਆਪਣੇ ਸ਼ੌਕ ਪੂਰੇ ਕਰਨ ਪਰ ਕਿਸੇ ਬੇਦੋਸ਼ ਦੀ ਜਾਨ ਨਾ ਜਾਵੇ |