ਮੰਡੀ ਗੋਬਿੰਦਗੜ੍ਹ, 21 ਫਰਵਰੀ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਦੀ ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ ਨੂੰ ਐਸੋਸੀਏਸ਼ਨ ਆਫ਼ ਇੰਡੀਅਨ ਕਾਲਜ ਪਿ੍ੰਸੀਪਲਜ਼ ਦੇ ਉਪ ਪ੍ਰਧਾਨ ਵਜੋਂ ਮੁੜ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਪੰਜਾਬ ਦੇ ਅਕਾਦਮਿਕ ਭਾਈਚਾਰੇ ਲਈ ਇਕ ਮਾਣ ਵਾਲੀ ਗੱਲ ਹੈ ਕਿ ਡਾ. ਪਜਨੀ ਨੂੰ ਚੁਣਿਆ ਗਿਆ ਹੈ | ਦੱਸ ਦੇਈਏ ਕਿ ਐਸੋਸੀਏਸ਼ਨ ਆਫ਼ ਇੰਡੀਅਨ ਕਾਲਜ ਪਿ੍ੰਸੀਪਲਜ਼ ਇਕ ਰਜਿਸਟਰਡ ਰਾਸ਼ਟਰੀ ਸੰਸਥਾ ਹੈ, ਜਿਸ ਦੀ ਭਾਰਤ ਦੇ 26 ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ 876 ਪਿ੍ੰਸੀਪਲਾਂ ਦੀ ਜੀਵਨ ਮੈਂਬਰਸ਼ਿਪ ਹੈ, ਜੋ 1998 ਵਿਚ ਸਥਾਪਿਤ ਇਹ ਸੰਸਥਾ ਸਾਲਾਨਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਦਾ ਆਯੋਜਨ ਕਰਕੇ ਉੱਚ ਸਿੱਖਿਆ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਇਹ ਫੋਰਮ ਵਿੱਦਿਅਕ ਆਗੂਆਂ ਨੂੰ ਉੱਭਰ ਰਹੀਆਂ ਚੁਨੌਤੀਆਂ, ਨੀਤੀਗਤ ਸੁਧਾਰਾਂ ਅਤੇ ਅਕਾਦਮਿਕ ਖੇਤਰ ਵਿਚ ਨਵੇਂ ਰੁਝਾਨਾਂ 'ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ | ਇਹ ਸੰਗਠਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਹੋਰ ਰੈਗੂਲੇਟਰੀ ਸੰਸਥਾਵਾਂ ਨੂੰ ਉੱਚ ਸਿੱਖਿਆ ਵਿਚ ਸੂਚਿਤ ਫ਼ੈਸਲੇ ਲੈਣ ਦਾ ਸਮਰਥਨ ਕਰਨ ਲਈ ਮੁੱਖ ਸਿਫ਼ਾਰਸ਼ਾਂ ਅਤੇ ਸੁਝਾਅ ਵੀ ਦਿੰਦਾ ਹੈ | ਜ਼ਿਕਰਯੋਗ ਹੈ ਕਿ ਡਾ. ਪਜਨੀ ਸੰਗਠਨ ਦੀ ਪਹਿਲੀ ਮਹਿਲਾ ਅਹੁਦੇਦਾਰ ਹੈ, ਜਿਸ ਨੂੰ 2023 ਵਿਚ ਸ਼ੁਰੂ ਵਿਚ ਚੁਣਿਆ ਗਿਆ ਸੀ | ਆਪਣੀਆਂ ਰਾਸ਼ਟਰੀ ਜ਼ਿੰਮੇਵਾਰੀਆਂ ਤੋਂ ਇਲਾਵਾ ਉਹ ਵਰਤਮਾਨ ਵਿਚ ਪੰਜਾਬ ਯੂਨੀਵਰਸਿਟੀ ਸਪੋਰਟਸ ਕੌਂਸਲ ਦੀ ਚੇਅਰਪਰਸਨ ਅਤੇ ਇਕ ਸਿਖਲਾਈ ਪ੍ਰਾਪਤ ਨੈਕ ਮੁਲਾਂਕਣਕਰਤਾ ਹੈ | ਗੋਬਿੰਦਗੜ੍ਹ ਪਬਲਿਕ ਕਾਲਜ ਵਿਚ ਪਿ੍ੰਸੀਪਲ ਅਤੇ ਪ੍ਰੋਫ਼ੈਸਰ ਵਜੋਂ 15 ਸਾਲਾਂ ਤੋਂ ਵੱਧ ਸਮਰਪਿਤ ਸੇਵਾ ਦੇ ਨਾਲ ਉਹ ਅਕਾਦਮਿਕ ਉੱਦਮਤਾ ਅਤੇ ਸੰਸਥਾਗਤ ਵਿਕਾਸ ਵਿਚ ਲਗਾਤਾਰ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ |