ਖਮਾਣੋਂ, 21 ਫਰਵਰੀ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਸਕੂਲੀ ਵਿਦਿਆਰਥੀਆਂ ਵਲੋਂ ਸਮਰਪਣ ਪ੍ਰੋਗਰਾਮ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਅਨੁਸ਼ਾਸਨ ਨਾਲ ਮਨਾਇਆ ਗਿਆ ਅਤੇ ਵਿਦਿਆਰਥੀਆਂ ਨੇ ਇਕ ਸਾਲ ਦੀ ਮਿਹਨਤ ਅਤੇ ਦਿ੍ੜ੍ਹਤਾ ਨਾਲ ਇਕੱਠੀ ਕੀਤੀ ਦਾਨ ਰਾਸ਼ੀ ਦਾਨ ਕੀਤੀ | ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ਅਤੇ ਪੂਰਾ ਮਾਹੌਲ ਸੇਵਾ, ਤਿਆਗ ਅਤੇ ਸਹਿਯੋਗ ਦੀ ਭਾਵਨਾ ਨਾਲ ਭਰਿਆ ਹੋਇਆ ਸੀ | ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਰਾਹੀਂ ਵਿਦਿਆਰਥੀਆਂ ਨੂੰ ਸਮਰਪਣ ਦਾ ਅਸਲ ਅਰਥ ਸਮਝਾਇਆ ਅਤੇ ਦੱਸਿਆ ਕਿ ਸਮਰਪਣ ਸਿਰਫ਼ ਪੈਸਾ ਦਾਨ ਕਰਨ ਬਾਰੇ ਨਹੀਂ ਹੈ, ਸਗੋਂ ਆਪਣੇ ਸਮੇਂ, ਯਤਨ ਅਤੇ ਭਾਵਨਾਵਾਂ ਨੂੰ ਇਕ ਨੇਕ ਕੰਮ ਲਈ ਸਮਰਪਿਤ ਕਰਨ ਦੀ ਪਰੰਪਰਾ ਹੈ | ਉਨ੍ਹਾਂ ਬੱਚਿਆਂ ਨੂੰ ਸੇਵਾ, ਤਿਆਗ ਅਤੇ ਦੇਸ਼ ਭਗਤੀ ਦੇ ਮੁੱਲਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਜੀਵਨ ਵਿਚ ਨਿਰਸਵਾਰਥ ਕੰਮ ਕਰਨ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੇ ਆਉਣ ਵਾਲੇ ਸਾਲ ਵਿਚ ਹੋਰ ਵੀ ਜ਼ਿਆਦਾ ਮਿਹਨਤ ਅਤੇ ਸਮਰਪਣ ਨਾਲ ਯੋਗਦਾਨ ਪਾਉਣ ਦਾ ਪ੍ਰਣ ਲਿਆ |