01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਵਿਧਾਇਕ ਸਾਬ ਮੈਚ ਦਾ ਅਨੰਦ ਮਾਣਦੇ ਰਹੇ, ਦੂਜੇ ਪਾਸੇ ਜਾਮ ਕਾਰਨ ਰਾਹਗੀਰ ਤੇ ਵਾਹਨ ਚਾਲਕ ਹੋਏ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 10-03-2026
ਮੰਡੀ ਗੋਬਿੰਦਗੜ੍ਹ, 9 ਮਾਰਚ (ਰਾਜੇਸ਼ ਸ਼ਰਮਾ)-ਸ਼ਹਿਰ ਦੇ ਮੇਨ ਬਾਜ਼ਾਰ ਵਿਚ ਹਾਲ ਹੀ ਵਿਚ ਲਗਾਈ ਗਈ ਨਵੀਂ ਵੱਡੀ ਐਲ.ਈ.ਡੀ ਸਕ੍ਰੀਨ ਲੋਕਾਂ ਲਈ ਖ਼ਾਸ ਆਕਰਸ਼ਨ ਦਾ ਕੇਂਦਰ ਬਣ ਗਈ ਹੈ | ਜਿੱਥੇ ਇਕ ਪਾਸੇ ਸ਼ਹਿਰ ਵਾਸੀਆਂ ਵਿਚ ਇਸ ਨਵੀਂ ਸਹੂਲਤ ਨੂੰ ਲੈ ਕੇ ਖ਼ੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਹ ਐਲ.ਈ.ਡੀ ਸਕ੍ਰੀਨ ਰਾਹਗੀਰਾਂ ਅਤੇ ਆਵਾਜਾਈ ਲਈ ਮੁਸ਼ਕਿਲਾਂ ਦਾ ਕਾਰਨ ਵੀ ਬਣਦੀ ਨਜ਼ਰ ਆ ਰਹੀ ਹੈ | ਬੀਤੇ ਦਿਨ ਟੀ-20 ਵਿਸ਼ਵ ਕੱਪ ਚੈਂਪੀਅਨਸ਼ਿਪ ਮੈਚ ਦੌਰਾਨ ਵੱਡੀ ਗਿਣਤੀ ਵਿਚ ਲੋਕ ਮੇਨ ਬਾਜ਼ਾਰ ਵਿਚ ਇਕੱਠੇ ਹੋ ਗਏ ਅਤੇ ਨਵੀਂ ਲਗਾਈ ਗਈ ਐਲ.ਈ.ਡੀ ਸਕ੍ਰੀਨ 'ਤੇ ਮੈਚ ਦੇਖਣ ਲਈ ਪਹੁੰਚੇ | ਮੈਚ ਦੇ ਜੋਸ਼ ਤੇ ਉਤਸ਼ਾਹ ਕਾਰਨ ਬਾਜ਼ਾਰ ਵਿਚ ਭਾਰੀ ਭੀੜ ਇਕੱਠੀ ਹੋ ਗਈ, ਜਿਸ ਕਰਕੇ ਲੰਬੇ ਸਮੇਂ ਤੱਕ ਟ੍ਰੈਫ਼ਿਕ ਜਾਮ ਦੀ ਸਥਿਤੀ ਬਣੀ ਰਹੀ | ਇਸ ਦੌਰਾਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਖ਼ਾਸ ਗੱਲ ਇਹ ਵੀ ਰਹੀ ਕਿ ਮੈਚ ਦੇਖਣ ਲਈ ਬਾਜ਼ਾਰ ਵਿਚ ਕੁਰਸੀਆਂ ਵੀ ਲਗਾਈਆਂ ਗਈਆਂ ਸਨ, ਜਿੱਥੇ ਲੋਕਾਂ ਦੇ ਨਾਲ-ਨਾਲ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੀ ਆਪਣੇ ਸਮਰਥਕਾਂ ਨਾਲ ਮੌਜੂਦ ਰਹੇ, ਜਿਨ੍ਹਾਂ ਲੋਕਾਂ ਨਾਲ ਬੈਠ ਕੇ ਮੈਚ ਦਾ ਆਨੰਦ ਮਾਣਿਆ | ਪਰ ਦੂਜੇ ਪਾਸੇ ਬਾਜ਼ਾਰ ਵਿਚ ਭਾਰੀ ਭੀੜ ਅਤੇ ਬੇਤਰਤੀਬ ਪਾਰਕਿੰਗ ਕਾਰਨ ਟ੍ਰੈਫ਼ਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਰੋਡ 'ਤੇ ਸ਼ਹਿਰ ਦਾ ਸਿਵਲ ਹਸਪਤਾਲ ਸਥਿਤ ਹੈ ਅਤੇ ਐਂਬੂਲੈਂਸਾਂ ਵੀ ਇਸੇ ਰਸਤੇ ਰਾਹੀਂ ਮਰੀਜ਼ਾਂ ਨੂੰ ਲੈ ਕੇ ਆਉਂਦੀਆਂ-ਜਾਂਦੀਆਂ ਹਨ | ਇਸ ਕਰਕੇ ਇਹ ਰੋਡ ਸ਼ਹਿਰ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ | ਟ੍ਰੈਫ਼ਿਕ ਜਾਮ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਵੀ ਰੁਕਾਵਟ ਆਉਣ ਦੀ ਸੰਭਾਵਨਾ ਬਣ ਸਕਦੀ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਚਿੰਤਾ ਵੀ ਜਤਾਈ | ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਭਵਿੱਖ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਵੇ ਤਾਂ ਟ੍ਰੈਫ਼ਿਕ ਪ੍ਰਬੰਧ ਅਤੇ ਸੁਰੱਖਿਆ ਲਈ ਪੁਲਿਸ ਤੇ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਪੂਰੇ ਇੰਤਜ਼ਾਮ ਕੀਤੇ ਜਾਣ ਚਾਹੀਦੇ ਹਨ, ਤਾਂ ਜੋ ਲੋਕ ਮਨੋਰੰਜਨ ਦਾ ਆਨੰਦ ਵੀ ਲੈ ਸਕਣ ਅਤੇ ਆਮ ਜਨਤਾ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ | ਕੁੱਝ ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਇਸ ਤਰ੍ਹਾਂ ਦੇ ਵੱਡੇ ਪ੍ਰੋਗਰਾਮਾਂ ਲਈ ਮੇਨ ਬਾਜ਼ਾਰ ਦੀ ਬਜਾਏ ਕਿਸੇ ਖੁੱਲ੍ਹੇ ਮੈਦਾਨ ਜਾਂ ਨਿਰਧਾਰਿਤ ਸਥਾਨ ਚੁਣਿਆ ਜਾਣਾ ਚਾਹੀਦਾ ਹੈ, ਤਾਂ ਜੋ ਟ੍ਰੈਫ਼ਿਕ ਜਾਮ ਵਰਗੀ ਸਮੱਸਿਆ ਤੋਂ ਬਚਾਅ ਹੋ ਸਕੇ ਅਤੇ ਪ੍ਰੋਗਰਾਮ ਵੀ ਸੁਚੱਜੇ ਢੰਗ ਨਾਲ ਕਰਵਾਏ ਜਾ ਸਕਣ |
Ad Position 22
No active advertisement
ਪਿਛਲੀ ਖ਼ਬਰ ਹਾਅ ਦਾ ਨਾਅਰਾ ਚੇਤਨਾ ਮੰਚ ਨੇ ਮਨਾਇਆ ਅੰਤਰ ਰਾਸ਼ਟਰੀ ਮਹਿਲਾ ਦਿਵਸ ਅਗਲੀ ਖ਼ਬਰ ਮਾਮਲਾ ਲੜਾਈ ਨੂੰ ਛੁਡਾਉਣ ਗਏ ਕੌਂਸਲਰ 'ਤੇ ਪੁਲਿਸ ਦੁਆਰਾ ਮੁਕੱਦਮਾ ਕੀਤੇ ਜਾਣ ਦਾ
Ad Position 24