ਬੈਂਗਲੁਰੂ, 1 ਨਵੰਬਰ (ਪੀ.ਟੀ.ਆਈ.)-ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਤਵਾਰ ਨੂੰ ਬੈਂਗਲੁਰੂ ਅਤੇ ਮੁੰਬਈ ਨੂੰ ਜੋੜਨ ਵਾਲੀ ਵੰਦੇ ਭਾਰਤ ਸਲੀਪਰ ਐਕਸਪ੍ਰੈਸ ਦੀ ਪਹਿਲੀ ਯਾਤਰਾ ਨੂੰ ਹਰੀ ਝੰਡੀ ਦਿਖਾਈ। ਇਹ ਇਨ੍ਹਾਂ ਦੋ ਵੱਡੇ ਮਹਾਂਨਗਰਾਂ ਵਿਚਕਾਰ ਰਾਤ ਭਰ ਰੇਲ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ। ਅਧਿਕਾਰੀਆਂ ਨੇ ਕਿਹਾ ਕਿ 16 ਡੱਬਿਆਂ ਵਾਲੀ ਵੰਦੇ ਭਾਰਤ ਸਲੀਪਰ ਟ੍ਰੇਨ, ਜੋ ਕਿ ਬੈਂਗਲੁਰੂ ਦੇ ਸਰ ਐਮ. ਵਿਸਵੇਸਸਵਰਾਇਆ ਟਰਮੀਨਲ (ਐਸ.ਐਮ.ਵੀ.ਟੀ.) ਤੋਂ ਰਵਾਨਾ ਹੋਈ ਅਤੇ ਸੋਮਵਾਰ ਸਵੇਰੇ 6:15 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ.ਐਸ.ਐਮ.ਟੀ.) ਪਹੁੰਚੇਗੀ।
ਇਸ ਮੌਕੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਐਚ.ਡੀ. ਕੁਮਾਰਸਵਾਮੀ, ਰਾਜ ਮੰਤਰੀ ਵੀ. ਸੋਮੰਨਾ ਅਤੇ ਸ਼ੋਭਾ ਕਰੰਦਲਾਜੇ, ਅਤੇ ਸੰਸਦ ਮੈਂਬਰ ਤੇਜਸਵੀ ਸੂਰਿਆ, ਪੀ.ਸੀ. ਮੋਹਨ, ਸੀ.ਐਨ. ਅਤੇ ਮੰਜੂਨਾਥ ਸਮੇਤ ਹੋਰ ਅਧਿਕਾਰੀ ਮੌਜੂਦ ਸਨ।ਦੱਖਣ ਪੱਛਮੀ ਰੇਲਵੇ ਨੇ ਦੱਸਿਆ ਕਿ ਇਸ ਰੇਲਗੱਡੀ ਦੀਆਂ ਨਿਯਮਤ ਸੇਵਾਵਾਂ 2 ਨਵੰਬਰ ਤੋਂ ਮੁੰਬਈ-ਬੈਂਗਲੁਰੂ ਦਿਸ਼ਾ ਵਿਚ ਅਤੇ 3 ਨਵੰਬਰ ਤੋਂ ਵਾਪਸੀ ਦਿਸ਼ਾ ਵਿਚ ਸ਼ੁਰੂ ਹੋਣਗੀਆਂ।ਬੈਂਗਲੁਰੂ ਤੋਂ ਮੁੰਬਈ ਲਈ ਚੱਲਣ ਵਾਲੀ ਟ੍ਰੇਨ ਨੰਬਰ 27652, ਸੋਮਵਾਰ ਨੂੰ ਛੱਡ ਕੇ ਹਫ਼ਤੇ ਵਿਚ 6 ਦਿਨ ਚੱਲੇਗੀ।
ਇਹ ਟ੍ਰੇਨ ਐਸ.ਐਮ.ਵੀ,ਟੀ. ਬੈਂਗਲੁਰੂ ਤੋਂ ਸ਼ਾਮ 7:45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11:55 ਵਜੇ ਸੀ.ਐਸ.ਐਮ.ਟੀ. ਮੁੰਬਈ ਪਹੁੰਚੇਗੀ।ਵਾਪਸੀ ਦਿਸ਼ਾ ਵਿਚ, ਟ੍ਰੇਨ ਨੰਬਰ 27651 ਸੀ.ਐਸ.ਐਮ.ਟੀ. ਮੁੰਬਈ ਤੋਂ ਰਾਤ 8:10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12 ਵਜੇ ਐਸ.ਐਮ.ਵੀ.ਟੀ.ਬੈਂਗਲੁਰੂ ਪਹੁੰਚੇਗੀ। ਇਹ ਸੇਵਾ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਵਿਚ 6 ਦਿਨ ਉਪਲਬਧ ਹੋਵੇਗੀ।ਇਸ ਟ੍ਰੇਨ ਦੇ ਨਿਰਧਾਰਤ ਸਟਾਪ ਅਨੰਤਪੁਰ, ਗੁੰਟਕਲ, ਰਾਏਚੁਰ, ਯਾਦਗੀਰ, ਕਲਬੁਰਗੀ, ਸੋਲਾਪੁਰ, ਪੁਣੇ ਅਤੇ ਕਲਿਆਣ ਹਨ।