ਫ਼ਤਹਿਗੜ੍ਹ ਸਾਹਿਬ, 2 ਅਪ੍ਰੈਲ (ਬਲਜਿੰਦਰ ਸਿੰਘ)-ਸੰਯੁਕਤ ਮੋਰਚਾ ਗੈਰ ਰਾਜਨੀਤਿਕ ਭਾਰਤ ਵਲੋਂ ਦਿੱਤੇ ਗਏ ਸੰਘਰਸ਼ ਪ੍ਰੋਗਰਾਮ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਦੁਆਰਾ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਸੜਕ ਜਾਮ ਕਰਕੇ ਜ਼ਬਰਦਸਤ ਰੋਹ ਭਰਿਆ ਪ੍ਰਦਰਸ਼ਨ ਕੀਤਾ ਗਿਆ | ਉਪਰੰਤ ਭਾਰਤ ਦੇ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜੇ ਗਏ | ਇਸ ਮੌਕੇ ਕਿਸਾਨ ਆਗੂ ਉੱਤਮ ਸਿੰਘ ਬਰਵਾਲ਼ੀ ਨੇ ਕਿਹਾ ਕਿ ਕਿਸਾਨੀ ਦੀਆਂ ਹੱਕੀ ਮੰਗਾਂ ਐਮ.ਐਸ.ਪੀ ਦਾ ਗਾਰੰਟੀ ਕਾਨੂੰਨ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ-2+50 ਫ਼ੀਸਦੀ ਫ਼ਾਰਮੂਲੇ ਮੁਤਾਬਿਕ ਫ਼ਸਲਾਂ ਦੇ ਭਾਅ, ਕਿਸਾਨਾਂ, ਮਜ਼ਦੂਰਾਂ ਦੀ ਕੁੱਲ ਕਰਜ਼ ਮੁਕਤੀ ਅਤੇ ਕੇਂਦਰ ਸਰਕਾਰ ਵਲੋਂ ਕਿਸਾਨੀ ਅੰਦੋਲਨ ਤੇ ਵੱਖ ਵੱਖ ਸਮੇਂ ਲਿਖਤੀ ਤੌਰ 'ਤੇ ਕੀਤੇ ਗਏ ਵਾਅਦੇ, ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਕੇਂਦਰ ਸਰਕਾਰ ਵਲੋਂ ਕਿਸਾਨੀ ਨੂੰ ਖਤਮ ਕਰਨ ਲਈ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਰਾਤ ਦੇ ਹਨੇਰੇ ਵਿਚ ਵਪਾਰ ਸਮਝੌਤਾ ਕੀਤਾ ਗਿਆ ਹੈ | ਜਿਸ ਨਾਲ ਪਹਿਲਾਂ ਹੀ ਸਰਕਾਰ ਵਲੋਂ ਐਮ.ਐਸ.ਪੀ ਦਾ ਗਾਰੰਟੀ ਕਾਨੂੰਨ ਅਤੇ ਡਾ. ਸਵਾਮੀਨਾਥਨ ਕਮਿਸ਼ਨ ਦੇ ਫ਼ਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ ਨਾ ਦੇਣ ਕਰਕੇ ਕਿਸਾਨੀ ਦਾ ਆਰਥਿਕ ਤੌਰ 'ਤੇ ਲੱਕ ਟੁੱਟ ਚੁੱਕਿਆ ਹੈ ਅਤੇ ਜੇਕਰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਇਨ੍ਹਾਂ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਖੇਤਰਾਂ ਉੱਪਰ ਲਾਗੂ ਹੁੰਦਾ ਹੈ ਤਾਂ ਪਹਿਲਾਂ ਹੀ ਆਤਮ ਹੱਤਿਆ ਦੇ ਰਸਤੇ ਉੱਪਰ ਤੁਰੀ ਕਿਸਾਨੀ ਬਿਲਕੁਲ ਖ਼ਤਮ ਹੋ ਜਾਵੇਗੀ | ਇਸ ਮੌਕੇ ਗੁਰਜੀਤ ਸਿੰਘ ਵਜੀਦਪੁਰ ਨੇ ਕਿਹਾ ਕਿ ਕਣਕ ਤੇ ਸਰੋਂ੍ਹ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਇਸ ਬੇਮੌਸਮੀ ਬਰਸਾਤ ਗੜੇਮਾਰੀ ਤੇ ਝੱਖੜ ਨੇ ਪਹਿਲਾਂ ਹੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਫ਼ਸਲਾਂ ਵਿਚ ਪੈ ਰਹੀਆਂ ਮਾਰਾਂ ਜਿਵੇਂ ਕਿ ਝੋਨੇ, ਮੱਕੀ, ਗੰਨਾ ਅਤੇ ਆਲੂ ਦੀ ਫ਼ਸਲ ਨੇ ਕਿਸਾਨਾਂ ਦਾ ਆਰਥਿਕ ਤੌਰ ਤੇ ਲੱਕ ਤੋੜ ਕੇ ਰੱਖ ਦਿੱਤਾ ਸੀ ਅਤੇ ਹੁਣ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਕਣਕ ਦੀ ਫ਼ਸਲ ਉੱਪਰ ਹੋ ਰਹੀ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ | ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿਚ ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਖ਼ੋਜੇ ਮਾਜਰਾ, ਜਨਰਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ, ਮੀਤ ਪ੍ਰਧਾਨ ਉੱਤਮ ਸਿੰਘ ਬਰਵਾਲੀ, ਪ੍ਰੈਸ ਸਕੱਤਰ ਅਵਤਾਰ ਸਿੰਘ ਡੰਘੇੜੀਆਂ, ਬਲਾਕ ਖਮਾਣੋਂ ਪ੍ਰਧਾਨ ਕਰਨੈਲ ਸਿੰਘ ਜਟਾਣਾ, ਪੈੱ੍ਰਸ ਸਕੱਤਰ ਕਿਰਪਾਲ ਸਿੰਘ ਬਦੇਸ਼ਾਂ, ਜਸਵੀਰ ਸਿੰਘ ਮਨੈਲੀ ਬਲਾਕ ਖੇੜਾ, ਗੁਰਲਾਲ ਸਿੰਘ ਦਾਦੂਮਾਜਰਾ, ਸੁਰਿੰਦਰ ਸਿੰਘ ਦੁਬਾਲੀ, ਹਜੂਰਾ ਸਿੰਘ ਬਲ੍ਹਾੜੀ, ਪਰਵਿੰਦਰ ਸਿੰਘ ਹਰਨਾ, ਸੁੱਚਾ ਸਿੰਘ ਮਲਕੋਮਾਜਰਾ, ਸੁਖਜੀਤ ਸਿੰਘ ਬੀੜ ਭਮਾਰਸੀ, ਰਾਜਿੰਦਰ ਸਿੰਘ ਸੁਹਾਗਹੇੜੀ, ਮਨਪ੍ਰੀਤ ਸਿੰਘ ਸਾਨੀਪੁਰ, ਚਤਰ ਸਿੰਘ ਹੁਸੈਨਪੁਰ, ਅਮਰਜੀਤ ਸਿੰਘ ਮੈੜਾਂ, ਬਲਪ੍ਰੀਤ ਸਿੰਘ ਅਬਦੁੱਲਾਪੁਰ, ਅਵਤਾਰ ਸਿੰਘ ਖਰੌੜਾ, ਬਲਕਾਰ ਸਿੰਘ ਜੜਖੇਲਾ ਖੇੜੀ, ਰਣਧੀਰ ਸਿੰਘ ਮਾਨ, ਨਾਜ਼ਰ ਸਿੰਘ ਰੁੜਕੀ, ਦਲੀਪ ਸਿੰਘ, ਪ੍ਰਕਾਸ਼ ਸਿੰਘ ਬੱਬਲ ਵੀ ਸ਼ਾਮਿਲ ਸਨ |