ਜਖਵਾਲੀ, 7 ਅਪ੍ਰੈਲ (ਨਿਰਭੈ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਲੋਕਾਂ ਦੀ ਚਰੋਕਣੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵਲੋਂ ਪਿੰਡ ਬਹਿਲੋਲਪੁਰ ਤੋਂ ਰਿਉਣਾ ਨੀਵਾਂ ਮੁੱਖ ਸੜਕ ਤੱਕ ਬਣਨ ਵਾਲੀ 800 ਮੀਟਰ ਲੰਮੀ ਸੜਕ ਅਤੇ ਇਕ 12 ਮੀਟਰ ਲੰਬੇ ਅਤੇ 7.9 ਮੀਟਰ ਚੌੜੇ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਕਾਰਜ ਦੇ ਪੂਰਾ ਹੋਣ ਨਾਲ ਕਰੀਬ ਦਰਜਨ ਪਿੰਡਾਂ ਨੂੰ ਫ਼ਾਇਦਾ ਮਿਲੇਗਾ | ਇਸ ਕਾਰਜ ਨੂੰ ਪੂਰਾ ਕਰਨ ਲਈ ਕਰੀਬ ਇਕ ਕਰੋੜ ਰੁਪਿਆ ਖ਼ਰਚਿਆ ਜਾ ਰਿਹਾ ਹੈ | ਵਿਧਾਇਕ ਰਾਏ ਨੇ ਕਿਹਾ ਕਿ ਰਾਜਪੁਰਾ ਅਤੇ ਘਨੌਰ ਤੋਂ ਆਉਣ ਵਾਲੇ ਬਹੁਤ ਸਾਰੇ ਲੋਕ ਇਸੇ ਰਸਤੇ ਤੋਂ ਆਉਂਦੇ ਹਨ | ਇਸ ਰਸਤੇ ਦੇ ਬਣਨ ਨਾਲ ਆਸ ਪਾਸ ਦੇ ਕਰੀਬ ਦਰਜਨ ਪਿੰਡਾਂ ਨੂੰ ਫ਼ਾਇਦਾ ਹੋਵੇਗਾ | ਪਿਛਲੇ ਲੰਮੇ ਸਮੇਂ ਤੋਂ ਇਲਾਕਾ ਨਿਵਾਸੀ ਇਸ ਰਸਤੇ ਨੂੰ ਪੱਕਾ ਕਰਨ ਅਤੇ ਪੁਲ ਦੀ ਉਸਾਰੀ ਦੀ ਮੰਗ ਕਰ ਰਹੇ ਸਨ, ਜਿਸ ਨੂੰ ਹੁਣ ਅਮਲੀ ਜਾਮਾ ਪਹਿਨਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਪੇਂਡੂ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ | ਪਿੰਡ ਦੇ ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕਿ ਉਹ ਵਿਧਾਇਕ ਰਾਏ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਉਨ੍ਹਾਂ ਦੇ ਪਿੰਡ ਵੱਲ ਧਿਆਨ ਦਿੱਤਾ ਹੈ ਅਤੇ ਜਿਹੜੀ ਵੀ ਮੰਗ ਉਨ੍ਹਾਂ ਦੇ ਧਿਆਨ 'ਚ ਲਿਆਂਦੀ ਗਈ ਹੈ, ਉਸ ਨੂੰ ਪੂਰਾ ਕੀਤਾ ਗਿਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਵੀਰ ਸਿੰਘ, ਸ਼ਲਿੰਦਰ ਸਿੰਘ, ਸੁਖਵਿੰਦਰ ਕੌਰ, ਸੁਖਦੀਪ ਸਿੰਘ, ਰਾਜ ਦਵਿੰਦਰ ਸਿੰਘ ਘੁੰਮਣ, ਮਨਦੀਪ ਪੋਲਾ, ਸਰਪੰਚ ਦਲੇਰ ਸਿੰਘ, ਅਵਤਾਰ ਸਿੰਘ ਪੰਜੋਲਾ ਸਰਪੰਚ, ਸੁਖਵਿੰਦਰ ਸਿੰਘ, ਬੇਅੰਤ ਸਿੰਘ ਕੋਟਲਾ, ਜਗਜੀਤ ਸਿੰਘ, ਸੱਜਣ ਸਿੰਘ, ਸੰਤੋਖ ਸਿੰਘ, ਲਵਪ੍ਰੀਤ ਸਿੰਘ, ਭੀਮ ਸਿੰਘ, ਜਸਵੰਤ ਸਿੰਘ, ਬੂਟਾ ਸਿੰਘ, ਐਸ.ਡੀ.ਓ. ਕਿ੍ਸ਼ਨ ਕੁਮਾਰ ਅਤੇ ਜੇ.ਈ. ਹਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |