11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਰੇਲਵੇ ਓਵਰਬਿ੍ਜ ਦਾ ਕੰਮ ਲਟਕਣ 'ਤੇ ਕਾਂਗਰਸ ਦਾ ਤਿੱਖਾ ਹਮਲਾ, ਕੰਮ ਜਲਦ ਸ਼ੁਰੂ ਨਾ ਹੋਇਆ ਤਾਂ ਦੇਵਾਂਗੇ ਰੋਸ ਧਰਨਾ-ਰਣਦੀਪ ਸਿੰਘ ਨਾਭਾ

Ad Position 21
No active advertisement
ਅਜੀਤ ਡੈਸਕ 08-04-2026
ਮੰਡੀ ਗੋਬਿੰਦਗੜ੍ਹ, 7 ਅਪ੍ਰੈਲ (ਰਾਜੇਸ਼ ਸ਼ਰਮਾ)-ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਨੂੰ ਦੋ ਹਿੱਸਿਆਂ ਵਿਚ ਵੰਡਣ ਵਾਲੀ ਰੇਲਵੇ ਲਾਈਨ 'ਤੇ ਉਸਾਰੇ ਜਾ ਰਹੇ ਰੇਲਵੇ ਓਵਰ ਬਿ੍ਜ ਦਾ ਕੰਮ ਲਟਕਣ ਕਾਰਨ ਜਿੱਥੇ ਸ਼ਹਿਰ ਵਾਸੀਆਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ, ਉੱਥੇ ਹੀ ਕਾਂਗਰਸ ਪਾਰਟੀ ਵਲੋਂ ਇਸ ਪ੍ਰੋਜੈਕਟ ਨੂੰ ਅੱਧ ਵਿਚਕਾਰ ਰੋਕੇ ਜਾਣ ਦੇ ਵਿਰੋਧ ਵਿਚ ਧਰਨਾ ਦੇਣ ਦਾ ਪ੍ਰੋਗ੍ਰਾਮ ਵੀ ਉਲੀਕਿਆ ਜਾ ਰਿਹਾ ਹੈ | ਇਸ ਮਾਮਲੇ 'ਤੇ ਤਿੱਖੀ ਪ੍ਰਤੀਕਿ੍ਆ ਦਿੰਦਿਆਂ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਇਹ ਪ੍ਰੋਜੈਕਟ ਕਾਂਗਰਸ ਸਰਕਾਰ ਦੇ ਸਮੇਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਸੀ, ਪਰ ਮੌਜੂਦਾ ਸਰਕਾਰ ਦੀ ਲਾਪ੍ਰਵਾਹੀ ਕਾਰਨ ਅਜੇ ਤੱਕ ਅਧੂਰਾ ਪਿਆ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਪ੍ਰੋਜੈਕਟ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਅਤੇ ਕੰਮ ਤੁਰੰਤ ਸ਼ੁਰੂ ਨਾ ਕਰਵਾਇਆ ਗਿਆ, ਤਾਂ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਵਲੋਂ ਤਿੱਖਾ ਰੋਸ ਧਰਨਾ ਦਿੱਤਾ ਜਾਵੇਗਾ | ਉਹ ਅੱਜ ਅਮਲੋਹ ਰੋਡ ਸਥਿੱਤ ਯੂਥ ਕਾਂਗਰਸ ਦੇ ਸਾਬਕਾ ਹਲਕਾ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਿੰਦਪਾਲ ਸਿੰਘ ਹੈਪੀ ਦੇ ਦਫ਼ਤਰ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਸਾਬਕਾ ਮੰਤਰੀ ਨੇ ਕਿਹਾ ਕਿ ਰੇਲਵੇ ਓਵਰਬਿ੍ਜ ਸਿਰਫ਼ ਇਕ ਪ੍ਰੋਜੈਕਟ ਨਹੀਂ, ਸਗੋਂ ਸ਼ਹਿਰ ਦੀ ਲਾਈਫ ਲਾਈਨ ਹੈ | ਇਸ ਦੇ ਅਧੂਰੇ ਰਹਿਣ ਕਾਰਨ ਰੋਜ਼ਾਨਾਂ ਲੋਕਾਂ ਨੂੰ ਲੰਬੇ ਟ੍ਰੈਫ਼ਿਕ ਜਾਮ, ਸਮੇਂ ਦੀ ਬਰਬਾਦੀ ਅਤੇ ਹਾਦਸਿਆਂ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਉਦਯੋਗਿਕ ਸ਼ਹਿਰ ਹੋਣ ਦੇ ਬਾਵਜੂਦ ਮੰਡੀ ਗੋਬਿੰਦਗੜ੍ਹ ਵਿਚ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਵੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਸਥਾਨਕ ਉਦਯੋਗ ਅਤੇ ਆਰਥਿਕਤਾ 'ਤੇ ਵੀ ਨਕਾਰਾਤਮਿਕ ਅਸਰ ਪੈ ਰਿਹਾ ਹੈ | ਨਾਭਾ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਬਣਨ ਉਪਰੰਤ ਇਸ ਓਵਰਬਿ੍ਜ ਦੇ ਕੰਮ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ, ਤਾਂ ਜੋ ਟ੍ਰੈਫ਼ਿਕ ਸਮੱਸਿਆ ਦਾ ਸਥਾਈ ਹੱਲ ਨਿਕਲੇ ਅਤੇ ਉਦਯੋਗ ਨੂੰ ਨਵੀਂ ਰਫ਼ਤਾਰ ਮਿਲੇ | ਉਨ੍ਹਾਂ ਨੇ ਅੱਗੇ ਕਿਹਾ ਕਿ ਕੱਟੜਪੰਥੀ ਵਿਚਾਰਧਾਰਾ ਕਿਸੇ ਵੀ ਦੇਸ਼ ਲਈ ਘਾਤਕ ਹੁੰਦੀ ਹੈ, ਕਿਉਂਕਿ ਇਹ ਲੋਕਾਂ ਨੂੰ ਜੋੜਨ ਦੀ ਬਜਾਏ ਵੰਡਣ ਦਾ ਕੰਮ ਕਰਦੀ ਹੈ ਅਤੇ ਸਮਾਜਿਕ ਤਾਣੇ-ਬਾਣੇ ਨੂੰ ਕਮਜ਼ੋਰ ਕਰਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਧਰਮ ਅਤੇ ਜਾਤੀ ਦੇ ਨਾਂਅ 'ਤੇ ਰਾਜਨੀਤੀ ਕਰਕੇ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੱਡਾ ਖ਼ਤਰਾ ਹੈ | ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਲੋਕਾਂ ਦੇ ਮੂਲ ਮਸਲਿਆਂ ਤੋਂ ਧਿਆਨ ਹਟਾਉਣਾ ਚਾਹੁੰਦੀਆਂ ਹਨ, ਤਾਂ ਉਹ ਅਜਿਹੀਆਂ ਵੰਡ ਪਾਊ ਨੀਤੀਆਂ ਦਾ ਸਹਾਰਾ ਲੈਂਦੀਆਂ ਹਨ | ਉਨ੍ਹਾਂ ਕਿਹਾ ਕਿ ਭਾਰਤ ਦੀ ਤਾਕਤ ਇਸ ਦੀ ਆਪਸੀ ਭਾਈਚਾਰਕ ਸਾਂਝ ਅਤੇ ਇਸ ਦੀ ਏਕਤਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸਭ ਧਰਮਾਂ ਅਤੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਰਾਜਨੀਤੀ ਕੀਤੀ ਹੈ ਅਤੇ ਦੇਸ਼ ਵਿਚ ਭਾਈਚਾਰੇ ਅਤੇ ਸਾਂਝੀਵਾਲਤਾ ਨੂੰ ਮਜ਼ਬੂਤ ਕੀਤਾ ਹੈ | ਉਨ੍ਹਾਂ ਅਖੀਰ ਵਿਚ ਕਿਹਾ ਕਿ ਦੇਸ਼ ਦੇ ਲੋਕ ਹੁਣ ਸਮਝਦਾਰ ਹੋ ਚੁੱਕੇ ਹਨ ਅਤੇ ਉਹ ਵੰਡ ਦੀ ਰਾਜਨੀਤੀ ਨੂੰ ਨਕਾਰਦੇ ਹੋਏ ਵਿਕਾਸ, ਰੁਜ਼ਗਾਰ ਅਤੇ ਏਕਤਾ ਵਾਲੀ ਰਾਜਨੀਤੀ ਨੂੰ ਹੀ ਤਰਜੀਹ ਦੇਣਗੇ | ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਲੋਕ ਵਿਕਾਸ ਤੇ ਸਾਂਝੀਵਾਲਤਾ ਦੀ ਰਾਜਨੀਤੀ ਨੂੰ ਤਰਜੀਹ ਦੇਣਗੇ ਅਤੇ ਕਾਂਗਰਸ ਨੂੰ ਦੁਬਾਰਾ ਮੌਕਾ ਦੇਣਗੇ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਦੱਤਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਕੌਂਸਲਰ ਅਰਵਿੰਦ ਸਿੰਗਲਾ, ਸਾਬਕਾ ਸਰਪੰਚ ਗੁਰਿੰਦਰਪਾਲ ਸਿੰਘ ਹੈਪੀ, ਅਵਤਾਰ ਸਿੰਘ ਕੁੰਭ, ਲਾਲ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾਦਲ, ਡਾ. ਮਨਮੋਹਨ ਕੌਸ਼ਲ, ਰਣਜੀਤ ਸਿੰਘ ਅੰਬੇਮਾਜਰਾ, ਕਮਲਜੀਤ ਸਿੰਘ ਸੋਮਾ, ਡਿੰਪਲ ਸ਼ਰਮਾ, ਸ਼ਿਵ ਸ਼ਰਮਾ, ਕਮਲ ਕੁੰਭੜਾ, ਹਰਪ੍ਰੀਤ ਸਿੰਘ ਤੂਰਾਂ, ਵਿਮਲ ਗੁਪਤਾ, ਵਿਨੈ ਸ਼ਰਮਾ, ਜਗਰੂਪ ਸਿੰਘ ਅਤੇ ਅਲੀ ਬਾਦਸ਼ਾਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਭੈੜੇ ਅਨਸਰਾਂ 'ਤੇ ਠੱਲ੍ਹ ਪਾਉਣ ਲਈ ਪੂਰੀ ਤਰ੍ਹਾਂ ਸੁਹਿਰਦ-ਸਬ ਇੰਸਪੈਕਟਰ ਰਾਜਵੰਤ ਸਿੰਘ ਅਗਲੀ ਖ਼ਬਰ ਵਿਧਾਇਕ ਰਾਏ ਨੇ ਪਿੰਡ ਬਹਿਲੋਲਪੁਰ ਦੀ ਸੜਕ ਅਤੇ ਪੁਲ ਦਾ ਨੀਂਹ ਪੱਥਰ ਰੱਖਿਆ
Ad Position 24