27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਿਵਲ ਹਸਪਤਾਲ ਵਿਖੇ ਵਿਧਾਇਕ ਹੈਪੀ, ਅਜੇ ਲਿਬੜਾ ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਭਟੇੜੀ ਬੱਸ ਹਾਦਸੇ ਦੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ

Ad Position 21
No active advertisement
ਅਜੀਤ ਡੈਸਕ 17-04-2026
ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ (ਮਨਪ੍ਰੀਤ ਸਿੰਘ)-ਬੀਤੀ ਰਾਤ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਸਾਖੀ ਮੇਲੇ ਵਾਪਸ ਆ ਰਹੀ ਸ਼ਰਧਾਲੂਆਂ ਦੀ ਬੱਸ ਦੇ ਚੁੰਨ੍ਹੀ-ਮੋਰਿੰਡਾ ਰੋਡ 'ਤੇ ਸਥਿਤ ਪਿੰਡ ਭਟੇੜੀ ਵਿਖੇ ਹੋਏ ਹਾਦਸੇ ਦੌਰਾਨ ਜ਼ਖਮੀ ਵਿਅਕਤੀਆਂ ਦਾ ਹਾਲ ਚਾਲ ਪੁੱਛਣ ਲਈ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਅਜੈ ਸਿੰਘ ਲਿਬੜਾ ਨੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਜੇਰੇ ਇਲਾਜ ਜ਼ਖਮੀਆਂ ਨਾਲ ਗੱਲਬਾਤ ਕੀਤੀ | ਇਸ ਮੌਕੇ ਵਿਧਾਇਕ ਹੈਪੀ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ, ਜਿਸ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਿ੍ਤਕਾਂ ਦੇ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ | ਉਨ੍ਹਾਂ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ | ਉਨ੍ਹਾਂ ਨੇ ਹਾਦਸੇ ਵਿਚ ਜ਼ਖਮੀ ਹੋਏ 14 ਤੇ 17 ਸਾਲ ਦੇ ਭੈਣ ਭਰਾ ਵਲੋਂ ਮੌਕੇ 'ਤੇ ਹੋਰਨਾਂ ਜ਼ਖਮੀਆਂ ਦੀ ਸਹਾਇਤਾ ਕਰਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਜੋ ਬਹਾਦਰੀ ਦਿਖਾਈ ਹੈ, ਉਹ ਆਪਣੇ ਆਪ ਵਿਚ ਬੇਮਿਸਾਲ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਭਟੇੜੀ ਵਿਖੇ ਹੋਇਆ ਬੱਸ ਹਾਦਸਾ ਬਹੁਤ ਹੀ ਦੁੱਖਦਾਈ ਹੈ, ਜਿਸ ਵਿਚ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖਲ 9 ਜ਼ਖਮੀਆਂ 'ਚੋਂ 7 ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਅਤੇ ਮਿ੍ਤਕਾਂ ਦਾ ਪੋਸਟਮਾਰਟਮ ਕਰਵਾ ਕੇ ਮਿ੍ਤਕ ਦੇਹ ਨੂੰ ਜਲਦ ਪਰਿਵਾਰਾਂ ਹਵਾਲੇ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਉਨ੍ਹਾਂ ਇਸ ਮੌਕੇ ਸਿਵਲ ਸਰਜਨ ਨੂੰ ਜ਼ਖਮੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਆਦੇਸ਼ ਵੀ ਦਿੱਤੇ | ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਲਿਬੜਾ ਨੇ ਘਟਨਾ ਬਾਰੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਹਾਦਸੇ ਵਿਚ ਮਿ੍ਤਕ ਅਤੇ ਜ਼ਖਮੀਆਂ ਦੀ ਪੰਜਾਬ ਸਰਕਾਰ ਵਲੋਂ ਬਣਦੀ ਮਦਦ ਕੀਤੀ ਜਾਵੇਗੀ | ਇਸ ਮੌਕੇ ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ, ਐਸ.ਐਮ.ਓ. ਡਾ. ਜਸਪ੍ਰੀਤ ਸਿੰਘ ਬੇਦੀ, ਆਮ ਆਦਮੀ ਪਾਰਟੀ ਦੇ ਪਵੇਲ ਹਾਂਡਾ ਅਤੇ ਨਵਦੀਪ ਨਵੀ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਭਵਨ ਸੂੰਢ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਬਾਬਾ ਦਿਆਲਪੁਰੀ ਸੀਨੀ. ਸੈਕੰ. ਸਕੂਲ ਸਰਹਿੰਦ ਵਿਖੇ ਐਚ.ਐਸ. ਸਪੋਰਟਸ ਅਕੈਡਮੀ ਦੀ ਸ਼ੁਰੂਆਤ ਕਰਵਾਈ
Ad Position 24