ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਬਲਜਿੰਦਰ ਸਿੰਘ)-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਿ24 ਅਪ੍ਰੈਲ ਨੂੰ ਰਾਤ 8 ਵਜੇ ਮਾਡਰਨ ਵੈਲੀ ਫ਼ਤਹਿਗੜ੍ਹ ਸਾਹਿਬ ਵਿਖੇ ਸਿਵਲ ਡਿਫੈਂਸ ਏਅਰ ਰੇਡ/ਬਲੈਕ-ਆਊਟ ਮੋਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ | ਇਹ ਮੋਕ ਐਕਸਰਸਾਈਜ਼ ਰਾਜ ਦੇ ਸਾਰੇ ਜ਼ਿਲਿ੍ਹਆਂ ਵਿਚ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨ ਲਈ ਕੀਤੀ ਜਾ ਰਹੀ ਹੈ | ਡਾ. ਸੋਨਾ ਥਿੰਦ ਨੇ ਦੱਸਿਆ ਕਿ ਇਹ ਮੋਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜੋ ਸਾਇਰਨਾਂ ਰਾਹੀਂ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਬਿਜਲੀ ਵਿਭਾਗ ਵਲੋਂ ਕੇਵਲ ਇਸੇ ਹੀ ਇਲਾਕੇ ਦੀਆਂ ਲਾਈਟਾਂ ਨੂੰ ਕੁਝ ਸਮੇਂ ਲਈ ਬੰਦ ਕੀਤਾ ਜਾਵੇਗਾ | ਨਿਸ਼ਚਤ ਸਥਾਨ ਤੇ ਬਲੈਕ-ਆਊਟ ਦੌਰਾਨ ਨਿਰਧਾਰਿਤ ਖੇਤਰਾਂ ਵਿਚ ਆਮ ਜਨਤਾ ਵਲੋਂ ਸਾਰੀਆਂ ਗੈਰ-ਜ਼ਰੂਰੀ ਬੱਤੀਆਂ ਬੰਦ ਕੀਤੀਆਂ ਜਾਣ | ਹਾਲਾਂਕਿ, ਜ਼ਰੂਰੀ ਸੇਵਾਵਾਂ ਇਸ ਦੌਰਾਨ ਚੱਲਦੀਆਂ ਰਹਿਣਗੀਆਂ | ਉਨ੍ਹਾਂ ਦੱਸਿਆ ਕਿ ਮੋਕ ਐਕਸਰਸਾਈਜ਼ ਦੇ ਸ਼ੁਰੂ ਵਿਚ ਸਾਇਰਨ ਉੱਚੀ ਆਵਾਜ਼ ਤੋਂ ਘੱਟ ਹੁੰਦਾ ਹੋਇਆ 2 ਮਿੰਟ ਲਈ ਰੁਕ ਰੁਕ ਕੇ ਵੱਜੇਗਾ ਅਤੇ ਸਮਾਪਤ ਹੋਣ ਉਪਰੰਤ 'ਆਲ ਕਲੀਅਰ' ਸਿਗਨਲ 2 ਮਿੰਟ ਲਈ ਲਗਾਤਾਰ ਉੱਚ ਧੁਨੀ ਵਾਲਾ ਸਾਇਰਨ ਦਿੱਤਾ ਜਾਵੇਗਾ, ਜੋ ਇਸ ਐਕਸਰਸਾਈਜ਼ ਦੇ ਖ਼ਤਮ ਹੋਣ ਦਾ ਸੰਕੇਤ ਹੋਵੇਗਾ | ਇਸ ਮੋਕ ਐਕਸਰਸਾਈਜ਼ ਦੌਰਾਨ ਅੱਗ ਬੁਝਾਊ ਕਾਰਵਾਈ, ਖੋਜ ਅਤੇ ਰਾਹਤ ਕਾਰਜ, ਫਸਟ ਏਡ ਤੇ ਮੈਡੀਕਲ ਸਹਾਇਤਾ, ਜਖ਼ਮੀਆਂ ਦੀ ਢੁਆਈ, ਟ੍ਰੈਫ਼ਿਕ ਅਤੇ ਭੀੜ ਨਿਯੰਤਰਣ ਦੇ ਉਪਾਇਆ ਦੀ ਪ੍ਰਤੀਕਾਤਮਕ ਰਿਹਰਸਲ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੋਕ ਡਰਿੱਲ ਦੌਰਾਨ ਐਨ.ਸੀ.ਸੀ. ਦੇ ਵਿਦਿਆਰਥੀ, ਸਿਵਲ ਡਿਫੈਂਸ ਦੇ ਕਰਮਚਾਰੀ, ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਅਧਿਕਾਰੀ ਵੀ ਹਾਜ਼ਰ ਹੋਣਗੇ | ਇਸ ਮੋਕ ਡਰਿੱਲ ਦੌਰਾਨ ਕਿਸੇ ਵੀ ਤਰ੍ਹਾਂ ਘਟਨਾ ਹੋਣ ਤੇ ਕਿਸ ਤਰ੍ਹਾਂ ਬਚਾਓ ਕਰਨਾ ਹੈ, ਬਾਰੇ ਵੀ ਰਿਹਰਸਲ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਘਬਰਾਉਣ ਨਾ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਲਈ ਇੱਕ ਰੁਟੀਨ ਡਿ੍ੱਲ ਹੈ | ਇਸ ਤੋਂ ਪਹਿਲਾਂ ਸਹਾਇਕ ਕਮਿਸ਼ਨਰ (ਜਨਰਲ)-ਕਮ-ਐਸ.ਡੀ.ਐਮ.ਖਮਾਣੋਂ ਅਰਵਿੰਦ ਕੁਮਾਰ ਗੁਪਤਾ, ਕੰਪਨੀ ਕਮਾਂਡਰ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਇੰਸਪੈਕਟਰ ਸੰਤੋਖ ਸਿੰਘ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨੂੰ ਮੋਕ ਡਰਿੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ |