ਅਮਲੋਹ, 23 ਅਪ੍ਰੈਲ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਨਗਰ ਕੌਂਸਲ ਗੋਬਿੰਦਗੜ੍ਹ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਭੇਜੀਆਂ ਗਈਆਂ ਵੋਟਰ ਸੂਚੀਆਂ ਵਿਚ ਕਈ ਤਰੁੱਟੀਆਂ ਮਿਲੀਆਂ ਹਨ | ਕਿਹਾ ਜਾ ਰਿਹਾ ਹੈ ਕਿ ਕਈ ਵੋਟਾਂ ਨੂੰ ਇਕ ਵਾਰਡ ਤੋਂ ਦੂਜੇ ਵਾਰਡ ਵਿਚ ਸ਼ਿਫ਼ਟ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ | ਇਸ ਮਾਮਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਐਸ.ਡੀ.ਐਮ. ਅਮਲੋਹ ਚਰਨਜੋਤ ਸਿੰਘ ਵਾਲੀਆ ਨੂੰ ਮਿਲਿਆ | ਐਸ.ਡੀ.ਐਮ. ਕੋਲ ਨਗਰ ਕੌਂਸਲ ਗੋਬਿੰਦਗੜ੍ਹ ਦਾ ਚਾਰਜ ਵੀ ਹੈ | ਵਫ਼ਦ ਵਲੋਂ ਮੰਡੀ ਗੋਬਿੰਦਗੜ੍ਹ ਦੇ ਕਈ ਵਾਰਡਾਂ ਨਾਲ ਸਬੰਧਿਤ ਇਤਰਾਜ਼ ਐਸ.ਡੀ.ਐਮ. ਨੂੰ ਸੌਂਪੇ ਗਏ | ਰਾਜੂ ਖੰਨਾ ਨੇ ਵੋਟਰ ਸੂਚੀਆਂ ਵਿਚ ਆਈਆਂ ਗੜਬੜੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਵੋਟਾਂ ਨੂੰ ਇਕ ਵਾਰਡ ਤੋਂ ਦੂਜੇ ਵਾਰਡ ਵਿਚ ਸ਼ਿਫ਼ਟ ਕਰਨ 'ਤੇ ਇਤਰਾਜ਼ ਜਿਤਾਇਆ | ਰਾਜੂ ਖੰਨਾ ਨੇ ਕਿਹਾ ਕਿ ਐਸ.ਡੀ.ਐਮ. ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਜਲਦੀ ਜਾਂਚ ਕਰਵਾ ਕੇ ਹੱਲ ਕੀਤਾ ਜਾਵੇਗਾ | ਇਸ ਵਫ਼ਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਨਾਜ਼ਰ ਸਿੰਘ ਸੰਤ ਨਗਰ, ਹਰਬੰਸ ਸਿੰਘ ਬਡਾਲੀ, ਰਾਕੇਸ਼ ਕੁਮਾਰ ਸ਼ਾਹੀ, ਗੁਰਪ੍ਰੀਤ ਸਿੰਘ ਨੋਨੀ, ਪ੍ਰਦੀਪ ਕੁਮਾਰ ਮਿੰਟੂ, ਭਗਵਾਨ ਸਿੰਘ ਗੱਗੀ ਤੇ ਸੁਰਜੀਤ ਸਿੰਘ ਬਰੌਂਗਾ ਵੀ ਹਾਜ਼ਰ ਸਨ |