ਖਮਾਣੋਂ, 23 ਅਪ੍ਰੈਲ (ਜੋਗਿੰਦਰ ਪਾਲ)-ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ ਨੇ ਮਹਿਲਾ ਰਾਖਵਾਂਕਰਨ ਬਿਲ ਸਬੰਧੀ ਕਿਹਾ ਕਿ ਸਰਕਾਰ ਦਾ ਅਸਲ ਮਕਸਦ ਅÏਰਤਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਨਹੀਂ, ਸਗੋਂ 'ਪਰਿਸੀਮਨ' (ਡੀ-ਲਿਮੀਟੇਸ਼ਨ) ਦੀ ਸ਼ਰਤ ਰਾਹੀਂ ਆਪਣੀ ਰਾਜਨੀਤਿਕ ਚੌਧਰ ਸਥਾਪਤ ਕਰਨਾ ਸੀ | ਉਨ੍ਹਾਂ ਮੁਤਾਬਿਕ ਸਰਕਾਰ ਅਜਿਹੇ ਨਿਯਮ ਥੋਪਣਾ ਚਾਹੁੰਦੀ ਸੀ ਜਿਸ ਨਾਲ ਉਨ੍ਹਾਂ ਨੂੰ ਚੋਣਾਂ ਵਿਚ ਆਪਣੀ ਮਨਮਰਜ਼ੀ ਕਰਨ ਦੀ ਖੁੱਲ੍ਹ ਮਿਲ ਜਾਵੇ | ਪੰਧੇਰ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਔਰਤਾਂ ਦੇ ਅਧਿਕਾਰਾਂ ਲਈ ਖੜ੍ਹੀ ਰਹੀ ਹੈ ਅਤੇ 2023 'ਚ ਪਾਰਲੀਮੈਂਟ 'ਚ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਕਰਕੇ ਇਸ ਨੂੰ ਪਾਸ ਕਰਵਾਉਣ 'ਚ ਕੇਂਦਰੀ ਭੂਮਿਕਾ ਨਿਭਾਈ ਸੀ | ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਹਰ ਮੈਂਬਰ ਨੇ ਇਸ ਬਿਲ ਦੇ ਹੱਕ ਵਿਚ ਵੋਟ ਪਾਈ ਸੀ, ਜਿਸ ਨਾਲ ਇਹ ਕਾਨੂੰਨ ਬਣ ਸਕਿਆ | ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਪਾਰਲੀਮੈਂਟ 'ਚ ਇਕ ਵੱਡਾ ਫ਼ਰੇਬ ਕੀਤਾ ਗਿਆ ਹੈ, ਜੋ ਕਿ ਸ਼ੋਭਾ ਨਹੀਂ ਦਿੰਦਾ | ਪੰਧੇਰ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀ ਰਹੇਗੀ, ਮਹਿਲਾਵਾਂ ਦੇ ਹੱਕਾਂ ਲਈ ਆਪਣੀ ਆਵਾਜ਼ ਉਠਾਉਂਦੀ ਰਹੇਗੀ ਅਤੇ ਦੇਸ਼ ਦੀ ਤਰੱਕੀ ਲਈ ਜ਼ਰੂਰੀ ਹੈ ਕਿ ਮਹਿਲਾਵਾਂ ਨੂੰ ਪੂਰਾ ਸਨਮਾਨ ਅਤੇ ਹੱਕ ਦਿੱਤੇ ਜਾਣ |