ਬਸੀ ਪਠਾਣਾਂ, 23 ਅਪ੍ਰੈਲ (ਐਚ.ਐਸ. ਗੌਤਮ)-ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ. ਵਲੋਂ ਅੱਜ ਪਿੰਡ ਖਾਲਸਪੁਰ ਵਿਖੇ ਸਾਰਥਿਕ ਫਾਊਾਡੇਸ਼ਨ ਵਲੋਂ ਚਲਾਏ ਜਾ ਰਹੇ ਸਿਲਾਈ-ਕਟਾਈ ਅਤੇ ਬਿਊਟੀ ਪਾਰਲਰ ਸਿਖਲਾਈ ਕੇਂਦਰ ਦਾ ਦੌਰਾ ਕੀਤਾ ਗਿਆ | ਉਨ੍ਹਾਂ ਸੰਸਥਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਿੱਤਾਮੁਖੀ ਕੋਰਸ ਪੇਂਡੂ ਖੇਤਰ ਦੀਆਂ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਸੰਸਥਾ ਦੇ ਸਮਾਜ ਸੇਵੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਵਲੋਂ ਸਿਖਲਾਈ ਕੇਂਦਰ ਨੂੰ 10 ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ, ਜਿਸ ਨਾਲ ਸਿਖਲਾਈ ਪ੍ਰਕਿਰਿਆ ਨੂੰ ਹੋਰ ਮਜ਼ਬੂਤੀ ਮਿਲੇਗੀ | ਇਸ ਮੌਕੇ ਸਾਰਥਿਕ ਫਾਊਾਡੇਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਟਾਂਕ, ਜਨਰਲ ਸਕੱਤਰ ਪਰਮਜੀਤ ਕੌਰ, ਖ਼ਜ਼ਾਨਚੀ ਸਰਬਜੀਤ ਸਿੰਘ ਅਤੇ ਸਲਾਹਕਾਰ ਅਮਰਜੀਤ ਸਿੰਘ ਮੌਜੂਦ ਸਨ | ਉਨ੍ਹਾਂ ਨੇ ਗੁਰਪ੍ਰੀਤ ਸਿੰਘ ਜੀ.ਪੀ. ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨਾਲ ਸੈਂਟਰ ਵਿਚ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਸਿਖਲਾਈ ਦਿੱਤੀ ਜਾ ਸਕੇਗੀ | ਇਸ ਤੋਂ ਇਲਾਵਾ ਸਿਲਾਈ ਸੈਂਟਰ ਦੀ ਅਧਿਆਪਕ ਜਸਪ੍ਰੀਤ ਕੌਰ ਅਤੇ ਬਿਊਟੀ ਪਾਰਲਰ ਕੋਰਸ ਦੀ ਅਧਿਆਪਕ ਹਰਜੋਤ ਕੌਰ ਵੀ ਮੌਜੂਦ ਰਹੀਆਂ |