ਮੰਡੀ ਗੋਬਿੰਦਗੜ੍ਹ, 23 ਅਪ੍ਰੈਲ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ 'ਚ ਅੰਤਰ-ਹਾਊਸ ਪੈਰਾਗਰਾਫ਼ ਅਤੇ ਸੁੰਦਰ ਲਿਖਾਈ ਮੁਕਾਬਲਾ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ | ਇਹ ਮੁਕਾਬਲਾ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਲਈ ਕਰਵਾਇਆ ਗਿਆ, ਜਿਸ ਵਿਚ ਸਕੂਲ ਦੀਆਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੁਕਾਬਲੇ ਨੂੰ ਤਿੰਨ ਵਰਗਾਂ ਵਿਚ ਵੰਡਿਆ ਗਿਆ ਸੀ | ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੇਰੀ ਪਸੰਦ ਅਤੇ ਮੇਰੇ ਮਾਪਿਆਂ ਦੀ ਸਲਾਹ ਵਿਚਕਾਰ ਟਕਰਾਅ ਵਿਸ਼ੇ 'ਤੇ ਲਿਖਿਆ | ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਜੇ ਰੋਬੋਟ ਮੇਰੇ ਅਧਿਆਪਕ ਬਣ ਜਾਣ' ਵਿਸ਼ੇ 'ਤੇ ਲਿਖਿਆ | ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਮਾਨਵੀ ਸੰਬੰਧਾਂ ਵਿਚ ਸਮਾਜਿਕਤਾ ਅਤੇ ਤਕਨੀਕੀਕਰਨ' ਵਿਸ਼ੇ 'ਤੇ ਆਪਣੀ ਕਲਮ ਚਲਾਈ | ਵਿਦਿਆਰਥੀਆਂ ਨੂੰ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਵਿਚੋਂ ਕਿਸੇ ਵੀ ਭਾਸ਼ਾ ਵਿਚ ਲਿਖਣ ਦੀ ਛੋਟ ਦਿੱਤੀ ਗਈ ਸੀ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਕਿਹਾ ਕਿ ਲਿਖਾਈ ਕੇਵਲ ਇਕ ਕੌਸ਼ਲ ਨਹੀਂ, ਸਗੋਂ ਇਹ ਵਿਦਿਆਰਥੀ ਦੀ ਸੋਚ, ਸਿਰਜਣਾਤਮਿਕਤਾ ਅਤੇ ਭਾਸ਼ਾਈ ਸਮਝ ਦਾ ਪ੍ਰਤੀਬਿੰਬ ਹੈ | ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਸਮਰੱਥਾ ਵਧਾਉਂਦੇ ਹਨ | ਡਾ. ਅਰੋੜਾ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ ਅਤੇ ਮਾਪਿਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ |