ਮੰਡੀ ਗੋਬਿੰਦਗੜ੍ਹ, 4 ਮਈ (ਇਕਬਾਲਦੀਪ ਸੰਧੂ)- ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵਲੋਂ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਸੰਸਥਾ ਵਲੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਮੁਫ਼ਤ ਸਿਲਾਈ ਅਤੇ ਕਟਾਈ ਦੇ ਸੈਂਟਰ ਚਲਾਏ ਜਾ ਰਹੇ ਹਨ, ਜਿਸ ਸਦਕਾ ਕੋਰਸ ਕਰਕੇ ਲੜਕੀਆਂ ਅਤੇ ਔਰਤਾਂ ਆਪਣਾ ਰੁਜ਼ਗਾਰ ਖ਼ੁਦ ਸ਼ੁਰੂ ਕਰ ਰਹੀਆਂ ਹਨ | ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸੁਸਾਇਟੀ ਦੇ ਬ੍ਰਾਂਚ ਦਫ਼ਤਰ ਵਿਖੇ ਇਕ ਸਮਾਗਮ ਦੌਰਾਨ ਲੋੜਵੰਦਾਂ ਨੂੰ ਸਹਾਇਤਾ ਸਮੱਗਰੀ ਦੀ ਵੰਡ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਹਾਇਕ ਰੀਜਨਲ ਟ੍ਰਾਂਸਪੋਰਟ ਅਫ਼ਸਰ ਫ਼ਤਹਿਗੜ੍ਹ ਸਾਹਿਬ ਮਨਿੰਦਰ ਸਿੰਘ ਹਾਜ਼ਰ ਹੋਏ | ਉਨ੍ਹਾਂ ਨੇ ਇਕ ਵਿਅਕਤੀ ਨੂੰ ਵੀਲਚੇਅਰ ਅਤੇ ਛੇ ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ, ਤਾਂ ਜੋ ਉਹ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ | ਆਪਣੇ ਸੰਬੋਧਨ ਦੌਰਾਨ ਮਨਿੰਦਰ ਸਿੰਘ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਸੱਚੀ ਪ੍ਰਭੂ ਦੀ ਸੇਵਾ ਹੈ | ਉਨ੍ਹਾਂ ਨੇ ਸੁਸਾਇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਸਮਾਜ ਵਿਚ ਬੇਸਹਾਰਿਆਂ ਅਤੇ ਗ਼ਰੀਬ ਵਰਗ ਲਈ ਨਿਰਸਵਾਰਥ ਸੇਵਾ ਕਰ ਰਹੀ ਹੈ ਅਤੇ ਉਮੀਦ ਜਿਤਾਈ ਕਿ ਇਹ ਸੇਵਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਕੈਸ਼ੀਅਰ ਰਵਿੰਦਰ ਸਿੰਘ ਧੰਨਾ, ਜੁਆਇੰਟ ਸਕੱਤਰ ਮਨਜੀਤ ਸਿੰਘ ਅਤੇ ਪੈੱ੍ਰਸ ਸਕੱਤਰ ਅਸ਼ੋਕ ਚੋਪੜਾ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ |