ਮੰਡੀ ਗੋਬਿੰਦਗੜ੍ਹ, 9 ਮਈ (ਇਕਬਾਲਦੀਪ ਸੰਧੂ)-ਨਗਰ ਕੌਂਸਲ ਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ 'ਤੇ ਡੇਂਗੂ, ਚਿਕਨਗੁਣੀਆ ਅਤੇ ਮਲੇਰੀਆ ਵਿਰੁੱਧ ਡਰਾਈ ਡੇਅ ਡੇਂਗੂ ਫੀਵਰ ਸਰਵੇਖਣ ਮੁਹਿੰਮ ਚਲਾਈ ਜਾ ਰਹੀ ਹੈ | ਜਿਸ ਦੌਰਾਨ ਨਗਰ ਕੌਂਸਲ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਇਕਬਾਲ ਨਗਰ ਵਿਖੇ ਘਰ-ਘਰ ਜਾ ਕੇ ਸਰਵੇਖਣ ਕੀਤਾ ਗਿਆ | ਟੀਮ ਵਲੋਂ ਘਰਾਂ ਅਤੇ ਆਸ-ਪਾਸ ਪਾਣੀ ਖੜ੍ਹਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਅਤੇ ਕੂਲਰਾਂ, ਫਰਿੱਜ ਦੀਆਂ ਟਰੇਆਂ, ਗਮਲਿਆਂ, ਪੁਰਾਣੇ ਟਾਇਰਾਂ ਅਤੇ ਟੁੱਟੇ-ਭੱਜੇ ਸਮਾਨ ਵਿਚ ਖੜ੍ਹੇ ਪਾਣੀ ਨੂੰ ਤੁਰੰਤ ਖ਼ਾਲੀ ਕਰਵਾਇਆ ਗਿਆ | ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 6 ਚਲਾਨ ਵੀ ਕੱਟੇ ਗਏ | ਇਸ ਮੌਕੇ ਮੁਹੱਲਾ ਨਿਵਾਸੀਆਂ ਨੂੰ ਡੇਂਗੂ, ਚਿਕਨਗੁਣੀਆ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਅਤੇ ਪੰਫਲਿਟ ਵੰਡੇ ਗਏ | ਅਧਿਕਾਰੀਆਂ ਨੇ ਅਪੀਲ ਕੀਤੀ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ ਅਤੇ ਛੱਤਾਂ 'ਤੇ ਟਾਇਰ, ਪਲਾਸਟਿਕ ਸਮਾਨ ਜਾਂ ਟੁੱਟੇ ਗਮਲੇ ਨਾ ਰੱਖੇ ਜਾਣ | ਇਸ ਮੌਕੇ ਨਗਰ ਕੌਂਸਲ ਦੇ ਸੈਨੀਟੇਸ਼ਨ ਸ਼ਾਖਾ ਤੋਂ ਸੋਮਨਾਥ ਅਤੇ ਹਰਮਿੰਦਰਪਾਲ ਸਿਹਤ ਇੰਸਪੈਕਟਰ, ਕੰਵਲਪ੍ਰੀਤ ਸਿੰਘ, ਨਰਿੰਦਰ ਸਿੰਘ, ਨਰਪਿੰਦਰ ਸਿੰਘ, ਰਵੀਇੰਦਰ ਸਿੰਘ ਅਤੇ ਹਰਜੀਤ ਸਿੰਘ ਬਰੀਡ ਚੈੱਕਰ ਵੀ ਟੀਮ ਵਿਚ ਸ਼ਾਮਿਲ ਸਨ |