ਫ਼ਤਹਿਗੜ੍ਹ ਸਾਹਿਬ, 9 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਪੈੱ੍ਰਸ ਦੇ ਨਾਂਅ ਜਾਰੀ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪ੍ਰਬੰਧਕਾਂ ਵਲੋਂ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਅੱਗੇ ਜੋ ਨਾਂਅ ਤਖ਼ਤੀਆਂ ਲਗਾਈਆਂ ਗਈਆਂ ਹਨ | ਉਸ ਵਿਚ ਹਿੰਦੀ ਭਾਸ਼ਾ ਨੂੰ ਪਹਿਲੇ ਨੰਬਰ, ਦੂਜੇ ਨੰਬਰ ਤੇ ਅੰਗਰੇਜ਼ੀ ਨੂੰ ਰੱਖਿਆ ਗਿਆ ਹੈ ਅਤੇ ਪੰਜਾਬੀ ਬੋਲੀ ਨੂੰ ਪੂਰਨ ਰੂਪ ਵਿਚ ਨਜ਼ਰਅੰਦਾਜ਼ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਹੋਂਦ ਵਿਚ ਲਿਆਉਣ ਦਾ ਮੁੱਖ ਮਕਸਦ ਪੰਜਾਬੀ ਬੋਲੀ ਨੂੰ ਪਹਿਲ ਦੇ ਆਧਾਰ 'ਤੇ ਅਪਣਾਉਣ ਅਤੇ ਪ੍ਰਫੁੱਲਿਤ ਕਰਨਾ ਸੀ ਪਰ ਹੁਣ ਪ੍ਰਬੰਧਕਾਂ ਵਲੋਂ ਇੱਕ ਤੋਂ ਬਾਅਦ ਇੱਕ ਪੰਜਾਬ ਤੇ ਪੰਜਾਬੀ ਭਾਸ਼ਾ ਵਿਰੋਧੀ ਫ਼ੈਸਲੇ ਲੈ ਕੇ ਸਾਜ਼ਿਸ਼ ਅਧੀਨ ਉਕਤ ਮਕਸਦ ਨੂੰ ਢਾਹ ਲਾਈ ਜਾ ਰਹੀ ਹੈ | ਇਹ ਪੰਜਾਬੀ ਬੋਲੀ ਨਾਲ ਬਹੁਤ ਵੱਡੀ ਨਫ਼ਰਤ ਭਰੀ ਕਾਰਵਾਈ ਹੈ, ਜੋ ਬਿਲਕੁਲ ਬਰਦਾਸ਼ਤ ਯੋਗ ਨਹੀਂ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਯੂਨੀਅਨ ਸੱਥ ਦੇ ਪ੍ਰਧਾਨ ਅਸਮੀਤ ਸਿੰਘ ਅਤੇ ਜਥੇਬੰਦੀ ਵਲੋਂ ਜੋ ਉਕਤ ਵਿਤਕਰੇ 'ਤੇ ਇਤਰਾਜ਼ ਉਠਾਉਂਦੇ ਹੋਏ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਇਹ ਨਾਂਅ ਤਖ਼ਤੀਆਂ ਨੂੰ ਹਟਾਉਣ ਦੀ ਚੇਤਾਵਨੀ ਦਿੱਤੀ ਗਈ ਹੈ, ਸ਼੍ਰੋਮਣੀ ਅਕਾਲੀ ਦਲ (ਅ) ਉਨ੍ਹਾਂ ਦੇ ਜਮਹੂਰੀਅਤ ਤੇ ਅਮਨਮਈ ਉੱਦਮ ਦੀ ਪ੍ਰਸੰਸਾ ਕਰਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਤਖ਼ਤੀਆਂ ਨਾ ਉਤਾਰੀਆਂ ਗਈਆਂ ਤਾਂ ਪੈਦਾ ਹੋਣ ਵਾਲੇ ਹਾਲਤਾਂ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ | ਟਿਵਾਣਾ ਨੇ ਕਿਹਾ ਕਿ ਹਿੰਦੀ ਅਤੇ ਅੰਗਰੇਜ਼ੀ ਵਿਚ ਲੱਗੀਆਂ ਤਖ਼ਤੀਆਂ ਨੂੰ ਹਟਾ ਕੇ ਇਨ੍ਹਾਂ 'ਤੇ ਪਹਿਲੇ ਨੰਬਰ ਤੇ ਪੰਜਾਬੀ, ਦੂਸਰੇ ਤੇ ਅੰਗਰੇਜ਼ੀ ਅਤੇ ਤੀਸਰੇ ਤੇ ਹਿੰਦੀ ਅੰਕਿਤ ਕਰਕੇ ਲਗਾਈਆਂ ਜਾਣ ਤਾਂ ਜੋ ਨੌਜਵਾਨ ਵਿਦਿਆਰਥੀਆ ਤੇ ਪੰਜਾਬੀਆ ਵਿਚ ਉੱਠੇ ਰੋਹ ਨੂੰ ਸਹੀ ਸਮੇਂ ਤੇ ਸ਼ਾਂਤ ਕੀਤਾ ਜਾ ਸਕੇ |