ਫ਼ਤਹਿਗੜ੍ਹ ਸਾਹਿਬ, 9 ਮਈ (ਬਲਜਿੰਦਰ ਸਿੰਘ)-ਭਾਰਤੀ ਰੇਲਵੇ ਅੰਬਾਲਾ ਮੰਡਲ ਵਲੋਂ 'ਊਰਜਾ ਸੁਰੱਖਿਆ' ਹਫ਼ਤਾ ਮਨਾਇਆ ਗਿਆ | ਡਵੀਜ਼ਨਲ ਰੇਲਵੇ ਮੈਨੇਜਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਬਾਲਾ ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਕਾਲੋਨੀਆਂ ਵਿਚ ਲੋਕਾਂ ਨੂੰ ਬਿਜਲੀ ਸੁਰੱਖਿਆ ਅਤੇ ਊਰਜਾ ਬੱਚਤ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ | ਇਸੇ ਤਹਿਤ ਰੇਲਵੇ ਸਟੇਸ਼ਨ ਸਰਹਿੰਦ ਨੇੜੇ ਪੈਂਦੀ ਰੇਲਵੇ ਕਾਲੋਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵੀ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਦੌਰਾਨ ਲੋਕਾਂ ਨੂੰ ਊਰਜਾ ਸੰਭਾਲ ਤੇ ਬਿਜਲੀ ਦੀ ਸਹੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਸੈਕਸ਼ਨ ਇੰਜੀ. ਨਾਥੀ ਰਾਮ ਨੇ ਦੱਸਿਆ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਹਾਰਦਿਕ ਸ਼ਰਮਾ ਅਤੇ ਸਹਾਇਕ ਮੰਡਲ ਅਧਿਕਾਰੀ ਸ਼ਸ਼ੀ ਭੂਸ਼ਨ ਪੰਤ ਦੇ ਆਦੇਸ਼ਾਂ ਤਹਿਤ ਇਹ ਮੁਹਿੰਮ ਚਲਾਈ ਗਈ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਜਲੀ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਬਿਜਲੀ ਦੀ ਬੱਚਤ ਲਈ ਪ੍ਰੇਰਿਤ ਕੀਤਾ ਗਿਆ | ਜਾਗਰੂਕਤਾ ਮੁਹਿੰਮ ਦੌਰਾਨ ਲੋਕਾਂ ਨੂੰ ਬਿਨਾਂ ਲੋੜ ਬਿਜਲੀ ਦੇ ਉਪਕਰਨ ਨਾ ਚਲਾਉਣ, ਊਰਜਾ ਬਚਾਉਣ ਵਾਲੇ ਉਪਕਰਨ ਵਰਤਣ ਅਤੇ ਘਰੇਲੂ ਅਤੇ ਦਫ਼ਤਰੀ ਪੱਧਰ 'ਤੇ ਬਿਜਲੀ ਦੀ ਸੰਭਾਲ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਜੇ.ਈ ਅਨਿਲ ਸੌਖੰਡ, ਸੰਜੀਵ ਕੁਮਾਰ, ਸ਼ਲਿੰਦਰ ਕੁਮਾਰ ਸਚਦੇਵਾ, ਅਮਰੀਕ ਸਿੰਘ, ਗੁਰਸੇਵਕ ਸਿੰਘ, ਗੋਬਿੰਦ, ਪਰਮਜੀਤ ਕੌਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ |