ਅਮਲੋਹ, 9 ਮਈ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਅੱਜ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿਚ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਲੈ ਕੇ ਕਈ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ ਗਈ | ਇਸ ਦੌਰਾਨ ਪਿੰਡ ਕਲਾਲ ਮਾਜਰਾ ਤੋਂ ਸ਼ਰਧਾਲੂਆਂ ਦੇ ਜਥੇ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ | ਵਿਧਾਇਕ ਨੇ ਖ਼ੁਦ ਹਰੀ ਝੰਡੀ ਦਿਖਾ ਕੇ ਬੱਸਾਂ ਨੂੰ ਰਵਾਨਾ ਕੀਤਾ ਅਤੇ ਯਾਤਰੀਆਂ ਦੀ ਚੜ੍ਹਦੀ ਕਲਾ ਅਤੇ ਸੁਖਮਈ ਯਾਤਰਾ ਲਈ ਅਰਦਾਸ ਕੀਤੀ | ਇਸ ਮੌਕੇ ਉਨ੍ਹਾਂ ਪਿੰਡ ਰਾਏਪੁਰ ਅਰਾਈਆਂ ਵਿਖੇ ਪੰਚਾਇਤ ਮੈਂਬਰਾਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ | ਉਨ੍ਹਾਂ ਦੱਸਿਆ ਕਿ ਪਿੰਡ ਦੇ 2 ਟੋਭਿਆਂ ਦੀ ਭਰਾਈ ਲਈ 12 ਲੱਖ ਰੁਪਏ, ਸੋਲਰ ਪਲਾਂਟ ਦੀ ਸਥਾਪਨਾ ਲਈ 2 ਲੱਖ ਰੁਪਏ ਅਤੇ ਗਲੀਆਂ-ਨਾਲੀਆਂ ਦੇ ਨਿਰਮਾਣ ਲਈ 6 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ | ਇਸ ਤੋਂ ਇਲਾਵਾ ਪਿੰਡ ਬਰੌਂਗਾ ਜ਼ੇਰ ਵਿਖੇ 3.52 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਨਵੀਂ ਮਿੰਨੀ ਫਾਇਰ ਬਿ੍ਗੇਡ ਮਸ਼ੀਨ ਪੰਚਾਇਤ ਨੂੰ ਸਮਰਪਿਤ ਕੀਤੀ ਗਈ | ਪਿੰਡ ਰੰਘੇੜੀ ਕਲਾਂ ਵਿਖੇ ਨਵੀਂ ਬਣੀ ਜਿੰਮ ਦਾ ਨਿਰੀਖਣ ਕਰਦਿਆਂ ਵਿਧਾਇਕ ਬੜਿੰਗ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਪਿੰਡਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਸਰਕਾਰ ਦੀ ਪਹਿਲ ਹੈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿੰਗਾਰਾ ਸਿੰਘ ਸਲਾਣਾ, ਰਣਜੀਤ ਸਿੰਘ ਪਨਾਗ ਚੇਅਰਮੈਨ ਬਲਾਕ ਸੰਮਤੀ ਅਮਲੋਹ ਅਤੇ ਪਿੰਡਾਂ ਦੇ ਲੋਕ ਮੌਜੂਦ ਸਨ |