ਰਾਜਪੁਰਾ, 15 ਮਈ (ਜੀ.ਪੀ. ਸਿੰਘ)-ਮੋਟਰਸਾਈਕਲ ਵਾਲੀਆਂ ਜੁਗਾੜੂ ਰੇਹੜੀਆਂ ਤਿਆਰ ਕਰਕੇ ਵੇਚਣ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸ਼ਹਿਰੀ ਥਾਣੇ ਦੇ ਅਧੀਨ ਪੈਂਦੀ ਕਸਤੂਰਬਾ ਪੁਲਿਸ ਚੋਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਅਜੈ ਕੁਮਾਰ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਜਦੋਂ ਬਿਜਲੀ ਬੋਰਡ ਚੌਂਕ ਨੇੜੇ ਪਹੁੰਚੇ ਤਾਂ ਸੂਚਨਾ ਮਿਲੀ ਕਿ ਨਰੇਸ਼ ਕੁਮਾਰ ਪੁੱਤਰ ਸੁਖਦੇਵ ਛਾਬੜਾ ਵਾਸੀ ਨੇੜੇ ਸੈਣਖੇੜੀ ਚੁੰਗੀ ਰਾਜਪੁਰਾ ਜੁਗਾੜੂ ਰੇਹੜੀਆਂ ਬਣਾ ਕੇ ਵੇਚਦਾ ਹੈ | ਜਿਸ ਕਾਰਨ ਆਮ ਪਬਲਿਕ ਦੀ ਜਾਨ ਨੂੰ ਖਤਰਾ ਹੈ ਅਤੇ ਮਾਨਯੋਗ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜੁਗਾੜੂ ਰਿਹੜੀਆਂ ਤਿਆਰ ਕਰਕੇ ਵੇਚਣ 'ਤੇ ਪਾਬੰਦੀ ਲਗਾਈ ਹੋਈ ਹੈ | ਇਸ ਤਰ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਸ਼ਹਿਰੀ ਥਾਣੇ ਦੀ ਪੁਲਿਸ ਨੇ ਨਰੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |