ਫ਼ਤਹਿਗੜ੍ਹ ਸਾਹਿਬ, 29 ਮਈ (ਮਨਪ੍ਰੀਤ ਸਿੰਘ)-ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੇ ਜਿੱਤ ਤੋਂ ਬਾਅਦ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਉਮੀਦਵਾਰਾਂ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਤੇ ਬਾਅਦ ਵਿਚ ਸ਼ਹਿਰ ਦੇ ਬਾਜ਼ਾਰਾਂ 'ਚ ਰੋਡ ਸੋਅ ਕਰ ਲੋਕਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਕਰਕੇ ਵਿਰੋਧੀ ਪਾਰਟੀਆਂ ਨੂੰ ਕਰਾਰੀ ਮਾਤ ਦਿੱਤੀ ਹੈ | ਉਨ੍ਹਾਂ ਦੱਸਿਆ ਕਿ 'ਆਪ' ਦੇ ਉਮੀਦਵਾਰਾਂ ਨੇ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀਆਂ 23 ਸੀਟਾਂ 'ਚੋਂ 17 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਕਾਂਗਰਸ ਪਾਰਟੀ ਸਿਰਫ਼ 6 ਸੀਟਾਂ 'ਤੇ ਸਿਮਟ ਕੇ ਰਹਿ ਗਈ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਖਾਤਾ ਖੋਲ੍ਹਣ ਵਿਚ ਨਾਕਾਮ ਸਾਬਿਤ ਹੋਈ ਹੈ | ਉਨ੍ਹਾਂ ਕਿਹਾ ਕਿ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ 'ਤੇ ਮੋਹਰ ਲਗਾਈ ਹੈ ਤੇ ਲੋਕਾਂ ਵਲੋਂ ਪੰਜਾਬ ਸਰਕਾਰ ਵਲੋਂ ਕੀਤੇ ਗਏ ਕੰਮਾਂ ਨੂੰ ਸਰਾਹਿਆ ਜਾ ਰਿਹਾ ਹੈ, ਜਿਸ ਦੀ ਬਦੌਲਤ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਆਉਣ ਵਾਲੇ ਚਾਰ ਮਹੀਨਿਆਂ ਵਿਚ ਸਰਹਿੰਦ ਵਿਚ ਵਿਕਾਸ ਪੱਖੋਂ ਨੁਹਾਰ ਬਦਲੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਮਲਹੋਤਰਾ, ਮਨਪ੍ਰੀਤ ਜੋਨੀ, ਗੁਰਜੋਤ ਸਿੰਘ, ਸੰਗਠਨ ਇੰਚਾਰਜ ਗੁਰਮੀਤ ਸਿੰਘ ਬਾਜਵਾ, ਰਾਮਪਾਲ ਸਿੰਘ, ਦਿਲਪ੍ਰੀਤ ਭੱਟੀ, ਬਲਜਿੰਦਰ ਸਿੰਘ ਗੋਲਾ, ਬਲਦੇਵ ਸਿੰਘ ਭੱਲ ਮਾਜਰਾ, ਬਲਵੀਰ ਸੋਢੀ, ਪਵੇਲ ਕੁਮਾਰ ਹਾਂਡਾ, ਵਿੱਕੀ ਚੌਹਾਨ, ਬਲਦੇਵ ਜਲਾਲ, ਰਮੇਸ਼ ਕੁਮਾਰ ਸੋਨੰੂ, ਪਿ੍ਤਪਾਲ ਸਿੰਘ ਜੱਸੀ, ਦੀਪਕ ਬਾਤਿਸ਼, ਐਡਵੋਕੇਟ ਹਰਕਮਲ ਸਿੰਘ, ਨੰਬਰਦਾਰ ਬੰਟੀ ਸੈਣੀ, ਬਲਜਿੰਦਰ ਕੌਰ, ਗੁਰਮੇਲ ਸਿੰਘ ਪੰਡਰਾਲੀ, ਜਗਜੀਤ ਸਿੰਘ ਰਿਉਣਾ, ਬਹਾਦਰ ਖ਼ਾਨ, ਬਹਾਦਰ ਜਲਾਲ, ਮਨਦੀਪ ਪੋਲਾ, ਗੁਰਪ੍ਰੀਤ ਭਿੰਡਰ ਆਦਿ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ |