ਅਮਲੋਹ, 29 ਮਈ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿਚ ਨਵੇਂ ਆਡੀਓ-ਵਿਜ਼ੂਅਲ ਸਟੂਡੀਓ ਦੇ ਉਦਘਾਟਨ ਨਾਲ ਅਧਿਆਪਨ ਅਤੇ ਮੀਡੀਆ ਸਮਰੱਥਾਵਾਂ ਵਿਚ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ | ਇਸ ਸਟੂਡੀਓ ਦਾ ਰਸਮੀ ਉਦਘਾਟਨ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ, ਅਧਿਆਪਕ ਵਰਗ ਅਤੇ ਵਿਸ਼ੇਸ਼ ਮਹਿਮਾਨ ਹਾਜ਼ਰ ਸਨ | ਇਹ ਨਵੀਂ ਸਹੂਲਤ ਨਵੀਨਤਾ, ਡਿਜ਼ੀਟਲ ਸਿੱਖਿਆ ਅਤੇ ਵਿਦਿਆਰਥੀਆਂ ਅਤੇ ਅਕਾਦਮਿਕ ਸਟਾਫ਼ ਲਈ ਉੱਨਤ ਸੰਚਾਰ ਸਾਧਨਾਂ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਡਾ. ਜ਼ੋਰਾ ਸਿੰਘ ਨੇ ਉੱਚ ਸਿੱਖਿਆ ਵਿਚ ਆਧੁਨਿਕ ਤਕਨੀਕੀ ਢਾਂਚੇ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਆਡੀਓ-ਵਿਜ਼ੂਅਲ ਸਟੂਡੀਓ ਵਿਦਿਆਰਥੀਆਂ ਨੂੰ ਪ੍ਰਯੋਗਾਤਮਿਕ ਅਨੁਭਵ ਪ੍ਰਦਾਨ ਕਰੇਗਾ ਅਤੇ ਮੀਡੀਆ ਤੇ ਸੰਚਾਰ ਖੇਤਰ ਵਿਚ ਸਿੱਖਣ ਦੇ ਨਵੇਂ ਮੌਕੇ ਉਪਲੱਬਧ ਕਰਵਾਏਗਾ | ਡਾ. ਤਜਿੰਦਰ ਕੌਰ ਨੇ ਕਿਹਾ ਕਿ ਯੂਨੀਵਰਸਿਟੀ ਲਗਾਤਾਰ ਅਜਿਹੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ, ਜੋ ਵਿਦਿਆਰਥੀਆਂ ਦੇ ਹੁਨਰ ਵਿਕਾਸ ਅਤੇ ਅਕਾਦਮਿਕ ਉਤਕਿ੍ਸ਼ਟਤਾ ਨੂੰ ਉਤਸ਼ਾਹਿਤ ਕਰਨ | ਸਮਾਰੋਹ ਵਿਚ ਯੂਨੀਵਰਸਿਟੀ ਦੇ ਪ੍ਰਧਾਨ ਡਾ. ਸੰਦੀਪ ਸਿੰਘ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ | ਉਨਾਂ ਨੇ ਇਸ ਪਹਿਲ ਦਾ ਸਵਾਗਤ ਕਰਦਿਆਂ ਵਿਸ਼ਵਾਸ ਜਿਤਾਇਆ ਕਿ ਇਹ ਸਟੂਡੀਓ ਰਚਨਾਤਮਿਕ ਸਿੱਖਿਆ, ਰਿਕਾਰਡਿੰਗ, ਪ੍ਰਸਾਰਨ ਅਤੇ ਅਕਾਦਮਿਕ ਸਮੱਗਰੀ ਤਿਆਰ ਕਰਨ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਵੇਗਾ | ਇਸ ਮੌਕੇ ਸਹਾਇਕ ਨਿਰਦੇਸ਼ਕ (ਮੀਡੀਆ) ਅਵਤਾਰ ਸਿੰਘ ਅਤੇ ਲੋਕ ਸੰਪਰਕ ਅਧਿਕਾਰੀ ਪਰਮਵੀਰ ਜਨਾਗਲ ਵੀ ਹਾਜ਼ਰ ਸਨ | ਸਮਾਰੋਹ ਦਾ ਸਮਾਪਨ ਪਰਫਾਰਮਿੰਗ ਆਰਟਸ ਅਤੇ ਮੀਡੀਆ ਵਿਭਾਗ ਦੀ ਡਾਇਰੈਕਟਰ ਡਾ. ਸੁਰਜੀਤ ਕੌਰ ਪਥੇਜਾ ਵਲੋਂ ਧੰਨਵਾਦ ਪ੍ਰਸਤਾਵ ਨਾਲ ਹੋਇਆ | ਉਨਾਂ ਨੇ ਇਸ ਸਹੂਲਤ ਦੀ ਸਥਾਪਨਾ ਵਿਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ |