ਅਮਲੋਹ, 12 ਜੂਨ (ਕੇਵਲ ਸਿੰਘ)-ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਦੇ ਵੈਲਨੈੱਸ ਕੇਂਦਰ ਨੇ ਕੁਦਰਤੀ ਚਿਕਿਤਸਾ ਰਾਹੀਂ ਸਮੁੱਚੀ ਸਿਹਤ ਸੰਭਾਲ ਅਤੇ ਤੰਦਰੁਸਤੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਨਵੀਂ ਜਲ-ਚਿਕਿਤਸਾ (ਹਾਈਡਰੋਥੈਰੇਪੀ) ਇਕਾਈ ਦੇ ਉਦਘਾਟਨ ਦਾ ਐਲਾਨ ਕੀਤਾ | ਇਸ ਜਲ-ਚਿਕਿਤਸਾ ਇਕਾਈ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਵਲੋਂ ਅਧਿਆਪਕਾਂ, ਵਿਦਿਆਰਥੀਆਂ ਅਤੇ ਸਿਹਤ ਸੇਵਾ ਮਾਹਿਰਾਂ ਦੀ ਹਾਜ਼ਰੀ ਵਿਚ ਕੀਤਾ ਗਿਆ | ਇਸ ਕਾਰਜ ਨੂੰ ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਅਤੇ ਯੋਗ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਕੁਲਭੂਸ਼ਣ ਦੀ ਰਹਿਨੁਮਾਈ ਪ੍ਰਾਪਤ ਹੋਈ | ਇਸ ਉਪਰਾਲੇ ਨੂੰ ਕਾਲਜ ਦੇ ਪਿ੍ੰਸੀਪਲ ਡਾ. ਹੇਮਰਾਜ ਅਤੇ ਮੈਡੀਕਲ ਸੁਪਰਡੈਂਟ ਡਾ. ਜੋਤੀ ਐਚ. ਧਾਮੀ ਨੇ ਵੀ ਪੂਰਾ ਸਹਿਯੋਗ ਦਿੱਤਾ | ਨਵੀਂ ਜਲ-ਚਿਕਿਤਸਾ ਇਕਾਈ ਵਿਚ ਆਧੁਨਿਕ ਅਤੇ ਉੱਚ-ਤਕਨੀਕੀ ਸਹੂਲਤਾਂ ਉਪਲੱਬਧ ਹਨ | ਇਸ ਮੌਕੇ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਆਧੁਨਿਕ ਜਲ-ਚਿਕਿਤਸਾ ਇਕਾਈ ਦਾ ਉਦੇਸ਼ ਇਕ ਅਜਿਹਾ ਆਸਾਨੀ ਨਾਲ ਪਹੁੰਚਯੋਗ ਅਤੇ ਘੱਟ ਦਬਾਅ ਵਾਲਾ ਇਲਾਜੀ ਮਾਹੌਲ ਸਿਰਜਣਾ ਹੈ, ਜੋ ਕੁਦਰਤੀ ਚਿਕਿਤਸਾ ਨੂੰ ਫਿਜ਼ੀਓਥੈਰੇਪੀ, ਨਾੜੀ ਵਿਗਿਆਨ ਅਤੇ ਹੱਡੀ-ਜੋੜ ਚਿਕਿਤਸਾ ਨਾਲ ਜੋੜਦਾ ਹੋਵੇ | ਇਸ ਜਲ-ਚਿਕਿਤਸਾ ਇਕਾਈ ਦੀ ਸ਼ੁਰੂਆਤ ਆਯੁਰਵੇਦ, ਕੁਦਰਤੀ ਚਿਕਿਤਸਾ ਅਤੇ ਤੰਦਰੁਸਤੀ ਦੇ ਲਾਭਾਂ ਨੂੰ ਇਕੱਠਾ ਕਰਕੇ ਸਮੁੱਚੀ ਸਿਹਤ ਸੰਭਾਲ ਵੱਲ ਇਕ ਹੋਰ ਮਹੱਤਵਪੂਰਨ ਕਦਮ ਹੈ | ਅਸੀਂ ਮਰੀਜ਼ਾਂ ਦੀ ਸੁਰੱਖਿਆ, ਗੁਣਵੱਤਾ ਭਰੀ ਸਿਹਤ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ | 'ਖ਼ੁਸ਼ਹਾਲੀ ਨਾਲ ਤੰਦਰੁਸਤੀ ਦੀ ਸੇਵਾ' ਸਾਡਾ ਮਾਰਗਦਰਸ਼ਕ ਸਿਧਾਂਤ ਹੈ |