ਬਸੀ ਪਠਾਣਾਂ, 27 ਜੂਨ (ਐਚ.ਐਸ.ਗੌਤਮ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਬਿਜਲੀ ਦੀ ਮੰਗ ਦੀ ਪੂਰਤੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਵਾਅਦਾ ਖ਼ਿਲਾਫ਼ੀ ਦਾ ਇਲਜ਼ਾਮ ਲਗਾਇਆ ਹੈ। ਜਥੇਬੰਦੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਜਰਨੈਲ ਸਿੰਘ ਭਟੇੜੀ ਨੇ ਕਿਹਾ ਕਿ ਝੋਨੇ ਦੀ ਲਗਵਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਪਰ 8 ਘੰਟੇ ਬਿਜਲੀ ਸਪਲਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਝੋਨੇ ਦੀ ਖੇਤੀ ਲਈ 8 ਘੰਟੇ ਦਿਨ ’ਚ ਬਿਜਲੀ ਦੇਣ ਦਾ ਦਾਅਵਾ ਪੂਰੀ ਤਰ੍ਹਾਂ ਖੋਖਲਾ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਕਿਸਾਨਾਂ ਨੂੰ ਦਿਨ ਵਿਚ 8 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਸੀ, ਜਦਕਿ ਬਿਜਲੀ ਸਪਲਾਈ ਦਿਨ ਦੀ ਬਜਾਏ ਰਾਤ ਨੂੰ ਆ ਰਹੀ ਹੈ, ਉਹ ਵੀ 8 ਦੀ ਬਜਾਏ 5 ਤੋਂ 6 ਘੰਟੇ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਭਟੇੜੀ ਤੇ ਆਸ-ਪਾਸ ਦੇ ਖੇਤਾਂ ਨੂੰ ਬਿਜਲੀ ਸਪਲਾਈ ਪਿੰਡ ਲੂਲੋਂ ਤੇ ਸਿਕੰਦਰਪੁਰ ਫੀਡਰ ਤੋਂ ਘੰੜੂਆਂ ਗਰਿੱਡ ਰਾਹੀਂ ਆਉਂਦੀ ਹੈ। ਜਦਕਿ ਹੁਣ ਬਿਜਲੀ ਸਪਲਾਈ ਦਾ ਸਮਾਂ ਰਾਤ ਦੇ ਢਾਈ ਵਜੇ ਤੋਂ ਕਰ ਦਿੱਤਾ ਗਿਆ ਹੈ ਤੇ ਉਹ 5 ਘੰਟੇ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੌਜੂਦਾ ਸਮੇਂ ਬਿਜਲੀ ਦੀ ਮੰਗ ਨੂੰ ਦੇਖਦੇ ਹੋਏ ਪਹਿਲਾਂ ਇੰਤਜ਼ਾਮ ਕੀਤੇ ਹੁੰਦੇ ਤਾਂ ਹੁਣ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਹੋਣਾ ਪੈਂਦਾ। ਉਨ੍ਹਾਂ ਦੱਸਿਆ ਕਿ ਕਈ ਵਾਰ ਬੇਨਤੀ ਕਰਨ ’ਤੇ ਵੀ ਕੁਰਾਲੀ ਬੈਠਦੇ ਐਕਸੀਅਨ ਸੁਖਜੀਤ ਕੁਮਾਰ ਲਾਰੇ ਲੱਪੇ ਲਾ ਰਹੇ ਹਨ, ਜਦਕਿ ਰੋਪੜ ਦੇ ਆਲਾ ਅਧਿਕਾਰੀ ਬਿਜਲੀ ਦੀ ਘਾਟ ਹੋਣ ਦਾ ਹਵਾਲਾ ਦੇ ਕੇ ਪੱਲਾ ਝਾੜ ਰਹੇ ਹਨ। ਇਨ੍ਹਾਂ ਹੀ ਨਹੀਂ ਪਟਿਆਲਾ ਦੇ ਪਾਵਰ ਕੰਟਰੋਲਰ ਤਾਂ ਫ਼ੋਨ ਹੀ ਨਹੀਂ ਚੁੱਕਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 25 ਘੰਟੇ ਵਿਚ ਸਿਰਫ਼ 5 ਘੰਟੇ ਬਿਜਲੀ ਦੀ ਸਪਲਾਈ ਆਈ ਹੈ, ਉਹ ਵੀ ਕਈ ਕੱਟਾਂ ਦੇ ਨਾਲ। ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ ਬਡਵਾਲਾ ਬਲਾਕ ਪ੍ਰਧਾਨ, ਰਛਪਾਲ ਸਿੰਘ ਬੱਡਵਾਲਾ, ਜਗਜੀਤ ਸਿੰਘ, ਪਵਨਦੀਪ ਸਿੰਘ, ਅਵਤਾਰ ਸਿੰਘ ਭਟੇੜੀ, ਰਣਜੀਤ ਸਿੰਘ ਲੰਬੜਦਾਰ ਭਟੇੜੀ, ਕਰਮ ਸਿੰਘ, ਜਸਪਾਲ ਸਿੰਘ ਆਦਿ ਨੇ ਵੀ ਬਿਜਲੀ ਮੰਗ ਪੂਰੀ ਨਾ ਹੋਣ ’ਤੇ ਸਰਕਾਰ ਪ੍ਰਤੀ ਰੋਸ ਦਾ ਪ੍ਰਗਟਾਵਾ ਕੀਤਾ ਹੈ।