ਸਮਾਣਾ, 29 ਜੂਨ (ਪ੍ਰੀਤਮ ਸਿੰਘ ਨਾਗੀ)-3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਪਵਿੱਤਰ ਸ੍ਰੀ ਅਮਰਨਾਥ ਜੀ ਯਾਤਰਾ ਦੇ ਸਫਲ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਬਰਾੜੀ ਮਾਰਗ ਕੈਂਪ ਵਿਖੇ ਕੈਂਪ ਡਾਇਰੈਕਟਰ ਦਿਨੇਸ਼ ਸਿੰਘ (ਜੇ.ਕੇ.ਏ.ਐਸ.) ਦੀ ਪ੍ਰਧਾਨਗੀ ਅਤੇ ਉਪ ਕੈਂਪ ਡਾਇਰੈਕਟਰ ਰਾਕੇਸ਼ ਅਕਰਮ (ਡੀ.ਐਸ.ਪੀ.) ਦੀ ਹਾਜ਼ਰੀ ਵਿਚ ਸਾਰੇ ਸੰਬੰਧਤ ਵਿਭਾਗਾਂ, ਲੰਗਰ ਕਮੇਟੀਆਂ, ਸ਼ਾਪ ਐਸੋਸੀਏਸ਼ਨ ਅਤੇ ਹੋਰ ਸਬੰਧਤ ਧਿਰਾਂ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕੈਂਪ ਡਾਇਰੈਕਟਰ ਦਿਨੇਸ਼ ਸਿੰਘ ਨੇ ਕਿਹਾ ਕਿ ਸ੍ਰੀ ਅਮਰਨਾਥ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਸਾਰੇ ਵਿਭਾਗ 24 ਘੰਟੇ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਸੁਰੱਖਿਅਤ, ਸੁਵਿਧਾਜਨਕ ਤੇ ਸੁਚਾਰੂ ਯਾਤਰਾ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਦਿਨੇਸ਼ ਸਿੰਘ ਨੇ ਪੀ.ਡੀ.ਡੀ. ਅਤੇ ਪੀ.ਐਚ.ਈ. ਵਿਭਾਗ ਨੂੰ ਯਾਤਰਾ ਦੌਰਾਨ ਕੈਂਪ ਖੇਤਰ ਅਤੇ ਮਾਰਗ ‘ਤੇ ਨਿਰਵਿਘਨ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਪੇਂਡੂ ਵਿਕਾਸ ਵਿਭਾਗ (ਆਰ.ਡੀ.ਡੀ.) ਦੇ ਸਫਾਈ ਦਲ ਨੂੰ ਸਾਰੇ ਸਥਾਪਿਤ ਸੌਚਲਿਆ ਦਾ ਸੁਰੱਖਿਆ ਆਡਿਟ ਕਰਨ, ਕਰਮਚਾਰੀਆਂ ਦੀ ਡਿਊਟੀ ਰੋਸਟਰ ਤਿਆਰ ਰੱਖਣ, ਲੋੜੀਂਦੇ ਸਫਾਈ ਸਾਜ਼ੋ-ਸਾਮਾਨ ਦੀ ਉਪਲਬਧਤਾ ਯਕੀਨੀ ਬਣਾਉਣ ਤੇ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਲਈ ਕਿਹਾ ਗਿਆ। ਦਿਨੇਸ਼ ਸਿੰਘ ਨੇ ਮੀਟਿੰਗ ਦੌਰਾਨ ਲੰਗਰ ਕਮੇਟੀਆਂ ਨੂੰ ਸ੍ਰੀ ਅਮਰਨਾਥ ਸ਼੍ਰਾਈਨ ਬੋਰਡ ਵਲੋਂ ਨਿਰਧਾਰਤ ਭੋਜਨ ਯੋਜਨਾ ਦੀ ਸਖ਼ਤੀ ਨਾਲ ਪਾਲਣਾ ਕਰਨ, ਖੁਰਾਕ ਸੁਰੱਖਿਆ ਅਤੇ ਸਫ਼ਾਈ ਦੇ ਉੱਚ ਮਾਪਦੰਡ ਬਣਾਈ ਰੱਖਣ ਅਤੇ ਹਰ ਲੰਗਰ ਸਥਾਨ ‘ਤੇ ਲੋੜੀਂਦੇ ਅੱਗ ਬੁਝਾਊ ਯੰਤਰ ਉਪਲਬਧ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਦਿਨੇਸ਼ ਸਿੰਘ ਨੇ ਸਿਹਤ ਵਿਭਾਗ ਨੂੰ ਲੋੜੀਂਦੀਆਂ ਦਵਾਈਆਂ ਅਤੇ ਮੈਡੀਕਲ ਸਮੱਗਰੀ ਦਾ ਪੂਰਾ ਭੰਡਾਰ ਯਕੀਨੀ ਬਣਾਉਣ ਅਤੇ ਯਾਤਰਾ ਦੌਰਾਨ ਨਿਰਵਿਘਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਯਾਤਰਾ ਮਾਰਗ ‘ਤੇ ਤਾਇਨਾਤ ਸਾਰੀਆਂ ਮਾਊਂਟੇਨ ਰੈਸਕਿਊ ਟੀਮਾਂ ਨਾਲ ਵੀ ਇੱਕ ਤਾਲਮੇਲ ਮੀਟਿੰਗ ਕੀਤੀ ਗਈ, ਜਿਸ ਵਿਚ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ, ਤਾਂ ਜੋ ਸ੍ਰੀ ਅਮਰਨਾਥ ਯਾਤਰਾ ਨੂੰ ਸੁਰੱਖਿਅਤ, ਸੁਚਾਰੂ ਤੇ ਸਫਲਤਾਪੂਰਵਕ ਸੰਪੰਨ ਕੀਤਾ ਜਾ ਸਕੇ। ਇਸ ਮੌਕੇ ਬਰਾੜੀ ਮਾਰਗ ਦੇ ਸਾਰੇ ਮਿਲਟਰੀ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸ਼ਿਵ ਲੰਗਰ ਕਮੇਟੀ ਸਮਾਣਾ ਵਲੋਂ ਪ੍ਰੈੱਸ ਕਲੱਬ ਸਮਾਣਾ ਦੇ ਪ੍ਰਧਾਨ ਅਸ਼ੋਕ ਕੁਮਾਰ ਮਿਨੋਚਾ, ਦਿਨੇਸ਼ ਜੈਨ ਰੋਡਾ , ਵਿਪਿਨ ਕੁਮਾਰ ਅਤੇ ਬਰਾੜੀ ਮਾਰਗ ‘ਤੇ ਲੱਗਣ ਵਾਲੇ ਭੰਡਾਰਿਆਂ ਦੇ ਸਾਰੇ ਪ੍ਰਬੰਧਕ ਵੀ ਹਾਜ਼ਰ ਸਨ।