ਫ਼ਤਹਿਗੜ੍ਹ ਸਾਹਿਬ, 29 ਜੂਨ (ਬਲਜਿੰਦਰ ਸਿੰਘ)-ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ, ਇਤਿਹਾਸ ਅਤੇ ਸੇਵਾ ਭਾਵਨਾ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਵਲੋਂ ਇਕ ਬੇਹੱਦ ਸ਼ਲਾਘਾਯੋਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ-ਇਕ ਦਿਨ ਦੀ ਸੇਵਾ ਲਈ ਬੁਲਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਮਾਤਾ ਗੁਜਰੀ ਕਾਲਜ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਵਲੋਂ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਆਉਣ ਵਾਲੀਆਂ ਸੰਗਤਾਂ ਨੂੰ ਸੌਖੇ ਢੰਗ ਨਾਲ ਮੱਥਾ ਟੇਕਣ ਲਈ ਪ੍ਰਬੰਧਾਂ ਵਿਚ ਸਹਿਯੋਗ ਦਿੱਤਾ ਗਿਆ ਅਤੇ ਠੰਢਾ ਜਲ ਛਕਾਉਣ ਦੀ ਸੇਵਾ ਵੀ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਬਜ਼ੁਰਗਾਂ ਨੂੰ ਆਰਾਮ ਨਾਲ ਬਿਠਾਉਣ, ਸੰਗਤਾਂ ਨੂੰ ਗੁਰੂ ਘਰ ਦੀ ਮਰਿਆਦਾ ਅਨੁਸਾਰ ਅਨੁਸ਼ਾਸਨ ਬਣਾਈ ਰੱਖਣ ਅਤੇ ਇਲਾਹੀ ਕੀਰਤਨ ਸਰਵਣ ਕਰਨ ਲਈ ਪ੍ਰੇਰਿਤ ਕਰਨ ਦੀ ਸੇਵਾ ਵੀ ਨਿਭਾਈ ਗਈ। ਕਾਲਜ ਦੇ ਐਨ.ਐਸ.ਐਸ. ਯੂਨਿਟ, ਐਨ.ਸੀ.ਸੀ. ਯੂਨਿਟ ਅਤੇ ਮਾਤਾ ਗੁਜਰੀ ਸਟੱਡੀ ਸਰਕਲ ਦੇ ਲਗਭਗ 100 ਵਿਦਿਆਰਥੀਆਂ ਅਤੇ 10 ਸਟਾਫ਼ ਮੈਂਬਰਾਂ ਨੇ ਨਿਮਰਤਾ ਤੇ ਸੇਵਾ ਭਾਵਨਾ ਸਹਿਤ ਇਨ੍ਹਾਂ ਸੇਵਾ ਕਾਰਜਾਂ ਵਿਚ ਭਾਗ ਲੈ ਕੇ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਦੇ ਸਮੇਂ ਨੂੰ ਸਾਰਥਿਕ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀਆਂ ਧਾਰਮਿਕ ਜੜ੍ਹਾਂ, ਸਿੱਖੀ ਅਤੇ ਗੁਰਮਤਿ ਮੁੱਲਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਕਾਲਜ ਪ੍ਰਿੰਸੀਪਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਸਕੱਤਰ ਇੰਜੀ. ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੇਵਾ-ਆਧਾਰਿਤ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ, ਕਿਉਂਕਿ ਅਜੋਕੇ ਸਮੇਂ ਵਿਚ ਜਦੋਂ ਛੁੱਟੀਆਂ ਦੌਰਾਨ ਬਹੁਤ ਸਾਰੇ ਵਿਦਿਆਰਥੀ ਸੈਰ-ਸਪਾਟੇ ਜਾਂ ਮਨੋਰੰਜਨ ਵੱਲ ਰੁਝਾਨ ਰੱਖਦੇ ਹਨ, ਉਸ ਵੇਲੇ ਗੁਰੂ ਘਰ ਨਾਲ ਜੋੜਨ ਵਾਲੀ ਇਹ ਵਿਲੱਖਣ ਪਹਿਲ ਉਨ੍ਹਾਂ ਅੰਦਰ ਸੇਵਾ, ਸਿਮਰਨ ਅਤੇ ਗੁਰਸਿੱਖੀ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਦੀ ਹੈ। ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ਼ ਨੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧਨ ਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਅਧਿਕਾਰੀਆਂ ਦਾ ਧਾਰਮਿਕ ਸੇਵਾ ਦੌਰਾਨ ਸਹਿਯੋਗ ਅਤੇ ਅਗਵਾਈ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀਆਂ ਨਾਲ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਬਰਿੰਦਰ ਸਿੰਘ ਸਰਾਓ, ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਭਿੰਦਰ ਸਿੰਘ, ਡਾ. ਜੁਝਾਰ ਸਿੰਘ, ਐਨ.ਸੀ.ਸੀ. ਅਫ਼ਸਰ ਲੈਫ਼ਟੀਨੈਂਟ ਡਾ. ਪੁਸ਼ਪਿੰਦਰ ਸਿੰਘ, ਪ੍ਰੋ. ਹਰਦੀਪ ਕੌਰ, ਪ੍ਰੋ. ਮਾਨਸੀ ਸਿੰਗਲਾ, ਬਲਜੀਤ ਕੌਰ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਭਿੰਦਰ ਸਿੰਘ ਵੀ ਹਾਜ਼ਰ ਸਨ।