ਫ਼ਤਹਿਗੜ੍ਹ ਸਾਹਿਬ, 6 ਜੁਲਾਈ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਹੈ, ਜਿਸ ਸਦਕਾ ਸੂਬੇ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਟੇਟ ਸਪੋਕਸਮੈਨ ਨੇ ਪਿੰਡ ਜਲਵੇੜਾ ਵਿਖੇ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਚੇਅਰਮੈਨ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਪੰਜਾਬ ਦੀ ਤਰੱਕੀ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ, ਜਿਸ ’ਚ 19 ਤੋਂ ਵੱਧ ਟੋਲ ਪਲਾਜ਼ਿਆਂ ਨੂੰ ਬੰਦ ਕਰਨਾ, ਸੜਕ ਸੁਰੱਖਿਆ ਫੋਰਸ, ਜ਼ਿਮੀਂਦਾਰਾਂ ਨੂੰ ਫ਼ਸਲਾਂ ਦੀ ਸਿੰਚਾਈ ਲਈ ਨਹਿਰੀ ਪਾਣੀ, ਸਿਹਤ ਸਹੂਲਤਾਂ, ਔਰਤਾਂ ਲਈ ਮੁਫ਼ਤ ਬੱਸ ਸਫ਼ਰ ਤੇ ਮੁਫ਼ਤ ਸਿੱਖਿਆ ਆਦਿ ਨੂੰ ਲਾਗੂ ਕਰਨਾ ਸ਼ਾਮਿਲ ਹਨ, ਜਿਨ੍ਹਾਂ ਸਦਕਾ ਲੋਕਾਂ ਦੀ ਪ੍ਰਾਈਵੇਟ ਤੌਰ ’ਤੇ ਹੋ ਰਹੀ ਲੁੱਟ ਨੂੰ ਰੋਕਿਆ ਗਿਆ ਹੈ ਤੇ ਸੂਬੇ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਦੇ ਤਹਿਤ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ’ਚ ਵੱਡੇ ਪੱਧਰ ਤੇ ਵਿਕਾਸ ਕਰਵਾਏ ਜਾ ਰਹੇ ਹਨ ਤੇ ਨੌਜਵਾਨਾਂ ਦੀ ਸਹੂਲਤ ਲਈ ਖੁੱਲ੍ਹੇ ਜ਼ਿੰਮਾ ਤੋਂ ਇਲਾਵਾ ਖੇਡ ਗਰਾਊਂਡਾਂ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਢਿੱਲੋਂ ਦੁਆਰਾ ਪਿੰਡ ਵਾਸੀਆਂ ਦੀਆ ਸਮੱਸਿਆਵਾਂ ਵੀ ਸੁਣੀਆਂ ਗਈਆਂ ਤੇ ਜਲਦੀ ਹੀ ਉਨ੍ਹਾਂ ਦਾ ਹੱਲ ਕਰਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸਮਾਜ ਸੇਵਕ ਅਨਵਰ ਮੁਹੰਮਦ, ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਨਰਿੰਦਰਜੀਤ ਕੌਰ ਖ਼ਾਲਸਾ, ਕਰਮਜੀਤ ਕੌਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ, ਸੁਰਜੀਤ ਕੌਰ, ਜਸਪਾਲ ਕੌਰ, ਕੁਲਦੀਪ ਕੌਰ ਰਾਣੀ, ਦਲਜੀਤ ਕੌਰ, ਸਿਮਰਨਜੋਤ ਸਿੰਘ, ਹਰਿੰਦਰ ਸਿੰਘ ਮਾਨ, ਕਰਮ ਸਿੰਘ, ਕਾਕਾ ਸਿੰਘ, ਜੰਗਾ ਚੌਧਰੀ ਆਦਿ ਵੀ ਹਾਜ਼ਰ ਸਨ।