ਬਸੀ ਪਠਾਣਾਂ, 6 ਜੁਲਾਈ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ ਪੁਲਿਸ ਵਲੋਂ ਮੋਟਰਸਾਈਕਲ ਚੋਰ ਗਰੋਹ ਦੇ ਮਾਮਲੇ ’ਚ ਲੋੜੀਂਦੇ ਗਰੋਹ ਦੇ ਤੀਜੇ ਮੈਂਬਰ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਦਰਜ ਐਫ. ਆਈ. ਆਰ. ਨੰ. 47/26 ਜਿਸ ’ਚ ਮੋਟਰਸਾਈਕਲ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਪਾਰਟੀ ਦੁਆਰਾ ਪਹਿਲਾਂ ਹੀ 5 ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਜਾ ਚੁੱਕਾ ਹੈ, ਅੱਜ ਇਕ ਮੁਖਬਰ ਦੀ ਇਤਲਾਹ ਤੇ ਮਾਮਲੇ ’ਚ ਨਾਮਜ਼ਦ ਤੀਜਾ ਮੁਲਜ਼ਮ, ਜੋ ਫ਼ਰਾਰ ਚੱਲ ਰਿਹਾ ਸੀ, ਨੂੰ ਵੀ ਪੁਲਿਸ ਪਾਰਟੀ ਨੇ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈੈ। ਪੁਲਿਸ ਵਲੋਂ ਮੋਟਰਸਾਈਕਲ ਚੋਰ ਗਰੋਹ ਦੇ ਤੀਜੇ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਗੁਰਪ੍ਰਤਾਪ ਸਿੰਘ ਉਰਫ਼ ਗੁਰੀ ਵਾਸੀ ਮਹਾਦੀਆ ਵਜੋਂ ਹੋਈ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।