ਫ਼ਤਹਿਗੜ੍ਹ ਸਾਹਿਬ, 7 ਜੁਲਾਈ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰਾਮਪੁਰ ਵਿਖੇ ਰਾਜਾ ਵੈੱਲਫੇਅਰ ਫਾਊਂਡੇਸ਼ਨ ਦੀ ਟੀਮ ਵਲੋਂ ਇਕ ਵਿਸ਼ੇਸ਼ ਲੋਕ ਸੇਵਾ ਕੈਂਪ ਲਗਾਇਆ। ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਅਧੀਨ 10 ਲੱਖ ਰੁਪਏ ਦੀ ਮੁਫ਼ਤ ਇਲਾਜ ਸਹੂਲਤ ਵਾਲੇ ਸਿਹਤ ਕਾਰਡ ਵੰਡੇ ਗਏ। ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਉਨ੍ਹਾਂ ਦੀ ਫਾਊਂਡੇਸ਼ਨ ਵਲੋਂ ਹਲਕੇ ਦੇ ਪਿੰਡ-ਪਿੰਡ ਜਾ ਕੇ ਅਜਿਹੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਫਾਊਂਡੇਸ਼ਨ ਵਲੋਂ ਪਿੰਡ ਅਤਾਪੁਰ ਤੇ ਮਾਨੂੰਪੁਰ ਵਿਖੇ ਵੀ ਸਫ਼ਲਤਾ ਪੂਰਵਕ ਕੈਂਪ ਲਗਾਏ ਜਾ ਚੁੱਕੇ ਹਨ ਉਥੇ ਪਿੰਡ ਵਾਸੀਆਂ ਨੂੰ ਸਿਹਤ ਕਾਰਡ ਵੰਡਣ ਦੇ ਨਾਲ-ਨਾਲ ‘ਮਾਵਾਂ ਭੈਣਾਂ ਸਤਿਕਾਰਯੋਗ ਯੋਜਨਾ’ ਦੇ ਅਧੀਨ 1000 ਤੇ 1500 ਰੁਪਏ ਵਾਲੇ ਵਿੱਤੀ ਸਹਾਇਤਾ ਫਾਰਮ ਵੀ ਭਰੇ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ‘ਮੁੱਖ ਮੰਤਰੀ ਸਿਹਤ ਕਾਰਡ’ ਹਰ ਛੋਟੇ-ਵੱਡੇ ਹਸਪਤਾਲ ਵਿਚ ਚੱਲੇਗਾ, ਜਿਸ ਦੇ ਤਹਿਤ ਕਿਸੇ ਵੀ ਗੰਭੀਰ ਬਿਮਾਰੀ ਜਾਂ ਸਿਹਤ ਸਮੱਸਿਆ ਦੌਰਾਨ ਮਰੀਜ਼ ਦਾ 10 ਲੱਖ ਰੁਪਏ ਤੱਕ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਚੇਅਰਮੈਨ ਰਾਜਾ ਨੇ ਦੱਸਿਆ ਕਿ ਹੁਣ ਤੱਕ ਸੂਬੇ ਦੇ 30,51,325 (ਲਗਪਗ 30.5 ਲੱਖ) ਲੋਕਾਂ ਨੇ ਇਸ ਯੋਜਨਾ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਯੋਜਨਾ ਦੇ ਪਹਿਲੇ ਪੰਜ ਮਹੀਨਿਆਂ ਦੇ ਅੰਦਰ ਹੀ 2,26,822 ਤੋਂ ਵੱਧ ਮਰੀਜ਼ ਇਸ ਮੁਫ਼ਤ ਇਲਾਜ ਸਹੂਲਤ ਦਾ ਲਾਭ ਉਠਾ ਚੁੱਕੇ ਹਨ। ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸਾਧਦਿਆਂ ਰਾਜਾ ਨੇ ਕਿਹਾ ਕਿ ਪਿਛਲੇ ਸ਼ਾਸਕਾਂ ਨੇ ਪੰਜਾਬ ਦੇ ਲੋਕਾਂ ਨੂੰ ਸਿਰਫ਼ ਲਾਰਿਆਂ ਵਿਚ ਰੱਖਿਆ, ਜਦਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਂਦਿਆਂ ਹੀ ਆਪਣਾ ਹਰ ਇਕ ਵਾਅਦਾ ਪੂਰਾ ਕਰਕੇ ਪੰਜਾਬੀਆਂ ਦਾ ਮਾਣ-ਸਤਿਕਾਰ ਬਹਾਲ ਕੀਤਾ ਹੈ। ਉਨ੍ਹਾਂ ਦੁਹਰਾਇਆ ਕਿ ‘ਆਪ’ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਰਾਜਾ ਵੈੱਲਫੇਅਰ ਫਾਊਂਡੇਸ਼ਨ ਸਰਕਾਰ ਦੀ ਹਰ ਨੀਤੀ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਰਹੇਗੀ।