ਸੰਘੋਲ, 7 ਜੁਲਾਈ (ਗੁਰਨਾਮ ਸਿੰਘ ਚੀਨਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਕਲਕੱਤਾ ਵਲੋਂ ਪੂਰੇ ਭਾਰਤ ਵਿਚ ਕਰਵਾਈ ਅਨੰਦ ਸਾਹਿਬ ਲਿਖਤ ਪ੍ਰਤੀਯੋਗਤਾ ਵਿਚ ਗੁਰੂ ਨਾਨਕ ਪਬਲਿਕ ਸੀ. ਸੈਕੰਡਰੀ ਸਕੂਲ ਖੰਟ-ਮਾਨਪੁਰ ਦੇ 10ਵੀਂ ਜਮਾਤ ਦੇ ਵਿਦਿਆਰਥੀ ਕੁਸ਼ਲਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਪੂਰੇ ਭਾਰਤ ਵਿਚੋਂ ਚੁਣੇ ਗਏ 250 ਪ੍ਰਤੀਯੋਗੀਆਂ ਵਿਚੋਂ ਤੀਸਰਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਜਸਵੰਤ ਕੌਰ ਨੇ ਦੱਸਿਆ ਕਿ ਅਨੰਦ ਸਾਹਿਬ ਸੰਪੂਰਨ 40 ਪਾੜ੍ਹੀਆਂ ਦੀ ਇਸ ਲਿਖਤ ਪ੍ਰਤੀਯੋਗਤਾ ਵਿਚ ਪਾਠ ਨੂੰ ਸ਼ੁੱਧ, ਸੁੰਦਰ, ਸਪੱਸ਼ਟ ਲਿਖਾਵਟ ਅਤੇ ਸਜਾਵਟ ਦੇ ਆਧਾਰ ’ਤੇ ਜਾਂਚਿਆ ਗਿਆ ਸੀ। ਪ੍ਰਤੀਯੋਗਤਾ ਦੌਰਾਨ ਕੁਸ਼ਲਵੀਰ ਸਿੰਘ ਨੇ ਪੂਰੇ ਭਾਰਤ ਵਿਚੋਂ ਚੁਣੇ ਗਏ 250 ਪ੍ਰਤੀਯੋਗੀਆਂ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ ਤੇ ਸੰਸਥਾ ਵਲੋਂ ਉਸ ਨੂੰ ਸਰਟੀਫਿਕੇਟ, ਮੋਮੈਂਟੋ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਜਸਵੰਤ ਕੌਰ ਨੇ ਕੁਸ਼ਲਵੀਰ ਸਿੰਘ ਨੂੰ ਸਨਮਾਨਿਤ ਕਰਨ ਦੌਰਾਨ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਮੁਕਾਬਲਿਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।