ਫ਼ਤਹਿਗੜ੍ਹ ਸਾਹਿਬ, 30 ਜੁਲਾਈ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਡਰਾਈਵਰ ਐਂਡ ਟੈਕਨੀਕਲ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ ਹੇਠ ਡੀ.ਸੀ ਦਫ਼ਤਰ ਸਥਿਤ ਡਰਾਈਵਰ ਰੂਮ ਵਿਚ ਹੋਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਡਰਾਈਵਰਾਂ ਦੀ ਨਵੀਂ ਭਰਤੀ ਕਰਨਾ, ਡੀ.ਏ ਦੀ ਕਿਸ਼ਤਾਂ ਜਾਰੀ ਕਰਨਾ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਜਿਸ ਕਰਕੇ ਮੁਲਾਜ਼ਮਾਂ ਵਿਚ ਸਰਕਾਰ ਖ਼ਿਲਾਫ਼ ਰੋਸ ਦੀ ਲਹਿਰ ਹੈ। ਮੀਟਿੰਗ ਉਪਰੰਤ ਸੁਰਜੀਤ ਸਿੰਘ ਧੀਰਪੁਰ ਨੂੰ ਸੇਵਾ ਮੁਕਤੀ ’ਤੇ ਵਿਦਾਇਗੀ ਦਿੱਤੀ ਗਈ ਅਤੇ ਡਰਾਈਵਰ ਯੂਨੀਅਨ ਅਹੁਦੇਦਾਰ ਤੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸੁਰਜੀਤ ਸਿੰਘ ਨੇ ਪਸ਼ੂ ਪਾਲਨ ਵਿਭਾਗ ਵਿਚ ਬਤੌਰ ਡਰਾਈਵਰ ਵਜੋਂ ਬੇਦਾਗ਼ ਸੇਵਾ ਨਿਭਾਈ ਹੈ। ਇਸ ਮੌਕੇ ’ਤੇ ਜਸਪਾਲ ਸਿੰਘ ਸਾਬਕਾ ਪ੍ਰਧਾਨ, ਸਰਬਜੀਤ ਸਿੰਘ ਬਹੇੜ ਸੂਬਾ ਮੀਤ ਪ੍ਰਧਾਨ, ਇੰਦਰ ਸਿੰਘ ਰਾਏਪੁਰ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਗੁਰਪ੍ਰੀਤ ਸਿੰਘ ਕਲੌੜ, ਦਲਬਾਰਾ ਸਿੰਘ, ਬਲਦੇਵ ਸਿੰਘ, ਚਰਨਜੀਤ ਸਿੰਘ, ਸੇਵਾ ਸਿੰਘ, ਗੁਰਵਿੰਦਰ ਸਿੰਘ, ਹਾਕਮ ਸਿੰਘ ਖੇੜੀ, ਹਰਪ੍ਰੀਤ ਸਿੰਘ, ਗੁਰਮੁਖ ਸਿੰਘ ਚਤੁਰਪੁਰਾ ਵੀ ਹਾਜ਼ਰ ਸਨ।