ਝੋਨੇ ਦੇ ਸੀਜ਼ਨ ’ਚ ਗੁਦਾਮਾਂ ਦੀ ਘਾਟ ਬਣੀ ਰਾਈਸ ਮਿੱਲਰਾਂ ਲਈ ਵੱਡੀ ਚੁਣੌਤੀ- ਰਮਨ ਗੁਪਤਾ
ਬਸੀ ਪਠਾਣਾਂ, 5 ਅਕਤੂਬਰ (ਰਾਜਿੰਦਰ ਸ਼ਰਮਾ)- ਪੰਜਾਬ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਸੀਜ਼ਨ ਜ਼ੋਰ ਫੜਨ ਦੇ ਨਾਲ ਹੀ ਰਾਈਸ ਮਿੱਲਰਾਂ ਸਾਹਮਣੇ ਗੁਦਾਮਾਂ ਵਿਚ ਜਗ੍ਹਾ ਦੀ ਘਾਟ ਇਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਇਕ ਪਾਸੇ ਮੰਡੀਆਂ ਵਿਚ ਝੋਨੇ ਦੀ ਆਮਦ ਲਗਾਤਾਰ ਵਧਣ ਲੱਗ ਗਈ ਹੈ, ਦੂਜੇ ਪਾਸੇ ਪਿਛਲੇ ਸਟਾਕ ਦੀ ਨਿਕਾਸੀ ਅਤੇ ਨਵੇਂ ਚੌਲਾਂ ਦੀ ਸਟੋਰੇਜ ਲਈ ਲੋੜੀਂਦੀ ਥਾਂ ਦਾ ਪ੍ਰਬੰਧ ਮਿੱਲਰਾਂ ਲਈ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਬਸੀ ਪਠਾਣਾਂ, 5 ਅਕਤੂਬਰ (ਰਾਜਿੰਦਰ ਸ਼ਰਮਾ)- ਪੰਜਾਬ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਸੀਜ਼ਨ ਜ਼ੋਰ ਫੜਨ ਦੇ ਨਾਲ ਹੀ ਰਾਈਸ ਮਿੱਲਰਾਂ ਸਾਹਮਣੇ ਗੁਦਾਮਾਂ ਵਿਚ ਜਗ੍ਹਾ ਦੀ ਘਾਟ ਇਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਇਕ ਪਾਸੇ ਮੰਡੀਆਂ ਵਿਚ ਝੋਨੇ ਦੀ ਆਮਦ ਲਗਾਤਾਰ ਵਧਣ ਲੱਗ ਗਈ ਹੈ, ਦੂਜੇ ਪਾਸੇ ਪਿਛਲੇ ਸਟਾਕ ਦੀ ਨਿਕਾਸੀ ਅਤੇ ਨਵੇਂ ਚੌਲਾਂ ਦੀ ਸਟੋਰੇਜ ਲਈ ਲੋੜੀਂਦੀ ਥਾਂ ਦਾ ਪ੍ਰਬੰਧ ਮਿੱਲਰਾਂ ਲਈ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਈਸ ਮਿਲਰ ਉਦਯੋਗਪਤੀ ਰਮਨ ਗੁਪਤਾ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਅਤੇ ਮਿਲਿੰਗ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲਾਉਣ ਲਈ ਗੁਦਾਮਾਂ ਦੀ ਉਪਲਬਧਤਾ ਬਹੁਤ ਜ਼ਰੂਰੀ ਹੈ, ਜੇਕਰ ਸਮੇਂ ਸਿਰ ਤਿਆਰ ਚੌਲਾਂ ਦੀ ਚੁਕਾਈ ਅਤੇ ਪੁਰਾਣੇ ਸਟਾਕ ਦੀ ਨਿਕਾਸੀ ਨਾ ਹੋਈ ਤਾਂ ਨਵੇਂ ਸੀਜ਼ਨ ਦੌਰਾਨ ਮਿਲਿੰਗ ਲਈ ਝੋਨਾ ਰੱਖਣ ਅਤੇ ਤਿਆਰ ਚੌਲਾਂ ਨੂੰ ਸਟੋਰ ਕਰਨ ਵਿਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਗੁਦਾਮਾਂ ਦੀ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਇਸ ਦਾ ਅਸਰ ਮੰਡੀਆਂ ਵਿਚ ਝੋਨੇ ਦੀ ਆਮਦ, ਖ਼ਰੀਦ ਤੇ ਲਿਫ਼ਟਿੰਗ ਦੀ ਰਫ਼ਤਾਰ ’ਤੇ ਵੀ ਪੈ ਸਕਦਾ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿਚ ਵੱਧ ਸਮਾਂ ਉਡੀਕ ਕਰਨੀ ਪੈ ਸਕਦੀ ਹੈ ਅਤੇ ਖ਼ਰੀਦ ਏਜੰਸੀਆਂ ’ਤੇ ਵੀ ਵਾਧੂ ਦਬਾਅ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਬੰਧਿਤ ਖ਼ਰੀਦ ਏਜੰਸੀਆਂ ਤੋਂ ਮੰਗ ਕੀਤੀ ਕਿ ਝੋਨੇ ਦੀ ਆਮਦ ਤੇਜ਼ ਹੋਣ ਤੋਂ ਪਹਿਲਾਂ ਗੁਦਾਮਾਂ ਦੀ ਉਪਲਬਧਤਾ, ਪੁਰਾਣੇ ਸਟਾਕ ਦੀ ਨਿਕਾਸੀ ਅਤੇ ਤਿਆਰ ਚੌਲਾਂ ਦੀ ਸਮੇਂ ਸਿਰ ਚੁਕਾਈ ਲਈ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਝੋਨੇ ਦੀ ਆਮਦ ਵਧਣ ਤੋਂ ਪਹਿਲਾਂ ਗੁਦਾਮਾਂ ਦੀ ਘਾਟ ਦਾ ਹੱਲ ਹੋ ਜਾਵੇ ।